Centre’s best troubles : ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਦਿੱਲੀ ਬਾਰਡਰ ‘ਤੇ ਪੁੱਜ ਚੁੱਕੇ ਹਨ। ਗਾਜੀਪੁਰ ਬਾਰਡਰ ‘ਤੇ ਕਿਸਾਨਾਂ ਦਾ ਭਾਰੀ ਜਥਾ ਦਿੱਲੀ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਅੰਦਰ ਜਾਣ ਤੋਂ ਰੋਕਣ ਲਈ 6 ਤੋਂ 7 ਲੈਵਲ ਦੀ ਬੈਰੀਕੇਡਿੰਗ ਕੀਤੀ ਹੈ। ਕਿਸਾਨਾਂ ਨੂੰ ਰੋਕਣ ਲਈ ਦਿੱਲੀ ਬਾਰਡਰ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਹੈ। ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਅਮਿਤ ਸ਼ਾਹ ਦੇ 1 ਦਸੰਬਰ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਕੁੰਡਲੀ ਬਾਰਡਰ ‘ਤੇ ਬੈਠ ਕੇ ਹੀ ਆਪਣਾ ਧਰਨਾ ਜਾਰੀ ਰੱਖਣਗੇ ਤੇ ਰੋਜ਼ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ ਤੇ ਇੰਝ ਲੱਗਦਾ ਹੈ ਕਿ ਮੋਦੀ ਸਰਕਾਰ ਵੀ ਕਿਸਾਨਾਂ ਅੱਗੇ ਗੋਡੇ ਟੇਕਣ ਲਈ ਮਜਬੂਰ ਹੋ ਗਈ ਹੈ ਤਾਂ ਹੀ ਵਾਰ-ਵਾਰ ਕਿਸਾਨਾਂ ਨੂੰ ਗੱਲਬਾਤ ਲਈ ਅਪੀਲ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸ਼ਰਤਾਂ ‘ਤੇ ਮੀਟਿੰਗ ਨਹੀਂ ਕਰਨਗੇ। ਇਸ ਦੇ ਉਲਟ ਕਿਸਾਨ ਸੰਗਠਨਾਂ ਨੇ ਕੇਂਦਰ ਅੱਗੇ ਆਪਣੀਆਂ 8 ਮੰਗਾਂ ਰੱਖੀਆਂ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਦਿੱਲੀ ਸੀਲ ਕਰ ਦੇਣਗੇ। ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਦਿੱਲੀ ਵਾਸੀਆਂ ਨੂੰ ਦਿੱਕਤ ਆਏਗੀ ਤਾਂ ਕੇਂਦਰ ਦੀ ਸਰਕਾਰ ਝੁਕੇਗੀ। ਕਿਸਾਨਾਂ ਨੇ ਬੁਰਾੜੀ ਜਾਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਕਿਸਾਨ ਜਥਏਬੰਦੀਆਂ ਹਰ ਰੋਜ਼ 4:30 ਵਜੇ ਪ੍ਰੈਸ ਕਾਨਫਰੰਸ ਕਰਨਗੀਆਂ, ਜਿਸ ਵਿੱਚ ਇੱਕ ਆਫੀਸ਼ੀਅਲ ਬਿਆਨ ਜਾਰੀ ਕੀਤਾ ਜਾਵੇਗਾ। ਕਿਸਾਨ ਸਿੰਘੁ ਬਾਰਡਰ, ਬਹਾਦੁਰਗੜ੍ਹ ਬਾਰਡਰ, ਜੈਪੁਰ ਦਿੱਲੀ ਹਾਈਵੇ, ਮਥੁਰਾ ਆਗਰਾ ਹਾਈਵੇ, ਬਰੇਲੀ ਦਿੱਲੀ ਹਾਈਵੇ ਨੂੰ ਬੰਦ ਕਰਨਗੇ। ਕਿਸਾਨਾਂ ਦੀ ਵਾਲੰਟੀਅਰ ਕਮੇਟੀ ਵਿੱਚ 30 ਕਿਸਾਨ ਜਥੇਬੰਦੀਆਂ ਵਿੱਚੋਂ ਹਰ ਜਥੇਬੰਦੀ ਵੱਲੋਂ 20 ਮੈਂਬਰ ਸ਼ਾਮਲ ਹੋਣਗੇ, ਜਿਸ ਮੁਤਾਬਕ ਇਸ ਕਮੇਟੀ ਵਿੱਚ 600 ਮੈਂਬਰ ਹੋਣਗੇ।
ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਬਾਰਡਰ ਤੋਂ ਨਹੀਂ ਹਿਲਣਗੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ। ਕੋਰੋਨਾ ਦਾ ਹਵਾਲਾ ਦੇ ਕੇ ਕਿਸਾਨਾਂ ਨੂੰ ਸੰਘਰਸ਼ ਤੋਂ ਹਟਣ ਲਈ ਕਿਹਾ ਜਾ ਰਿਹਾ ਹੈ। ਇਸ ‘ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਜਦੋਂ ਸਿਆਸੀ ਦਲ ਰੈਲੀਆਂ ਕਰਦੇ ਹਨ ਤਾਂ ਉਦੋਂ ਕੋਰੋਨਾ ਨਹੀਂ ਫੈਲਦਾ।