CTU buses affected : ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਤਹਿਤ ਹਰਿਆਣਾ ਦੇ ਵੱਖ-ਵੱਖ ਰੂਟਾਂ ਤੋਂ ਪ੍ਰਵੇਸ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ 25 ਤੋਂ 27 ਨਵੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਕਾਰਨ, ਹਰ ਖੇਤਰ ‘ਚ / ਹਰਿਆਣੇ ‘ਚ CTU ਦਾ ਕੰਮਕਾਜ ਰੁਕਿਆ ਰਹੇਗਾ। ਇਸ ਤੋਂ ਇਲਾਵਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਰਾਜ ਵਿੱਚ ਸੀਟੀਯੂ ਬੱਸਾਂ ਦਾ ਕੰਮਕਾਜ ਵੀ ਪ੍ਰਭਾਵਤ ਹੋ ਸਕਦਾ ਹੈ ਇਸ ਲਈ ਅਜਿਹੇ ‘ਚ ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸੀਟੀਯੂ ਬੱਸਾਂ ‘ਤੇ ਆਪਣੀ ਯਾਤਰਾ ਦੀ ਸਹੀ ਜਾਂਚ ਤੋਂ ਬਾਅਦ ਹੀ ਆਪਣਾ ਪ੍ਰੋਗਰਾਮ ਬਣਾਉਣ। ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰਨ ਤੋਂ ਬਾਅਦ ਹੀ ਉਹ ਆਪਣੀ ਯਾਤਰਾ ਸਬੰਧੀ ਪ੍ਰੋਗਰਾਮ ਉਲੀਕਣ। 0172-2700006 (ISBT-17), 0172 2624403 ਅਤੇ 0172-2624413 (ISBT- 43)
ਇਥੇ ਦੱਸਣਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟੜ ਵੱਲੋਂ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ। 26 ਨਵੰਬਰ ਨੂੰ ਦੇਸ਼ ਦੀਆਂ 500 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਇੱਕ ਇਤਿਹਾਸਕ ਰੈਲੀ ਕੱਢੀ ਜਾਵੇਗੀ। ਜਿੱਥੇ ਪੰਜਾਬ ਦੇ ਕਿਸਾਨ ਹੁਣ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰਨ ਲਈ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਕਰ ਰਹੇ ਹਨ। ਉੱਥੇ ਹੀ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਵਿਸ਼ੇਸ਼ ਤਿਆਰੀ ਕੀਤੀ ਹੈ।ਅੱਜ ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਟ੍ਰੈਕਟਰ ਟਰਾਲੀਆਂ ‘ਚ ਰਾਸ਼ਨ ਸਮੱਗਰੀ ਲੈ ਕੇ ਦਿੱਲੀ ਨੂੰ ਕੂਚ ਕਰ ਰਹੇ ਹਨ ਜਿਨ੍ਹਾਂ ਦਾ ਪੁਲਿਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਜਦਕਿ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਥੇ ਵੀ ਉਨ੍ਹਾਂ ਨੂੰ ਰੋਕਿਆ ਜਾਵੇਗਾ ਉਥੇ ਉਹ ਅਣਮਿੱਥੇ ਸਮੇਂ ਲਈ ਧਰਨੇ ਦੇਣਗੇ। ਅੰਬਾਲਾ ਜ਼ਿਲ੍ਹੇ ਦੇ ਸ਼ੰਭੂ ਬਾਰਡਰ, ਭਿਵਾਨੀ ਵਿਚ ਮੁੰਧਲ ਚੌਕ; ਕਰਨਾਲ ਦੇ ਘਰੌਂਡਾ ਵਿਖੇ ਅਨਾਜ ਮੰਡੀ; ਟਿੱਕਰੀ ਬਾਰਡਰ, ਝੱਜਰ ਵਿਚ ਬਹਾਦਰਗੜ੍ਹ; ਅਤੇ ਸੋਨੀਪਤ ਦੀ ਰਾਏ ਵਿਚ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ ‘ਤੇ ਇਕੱਤਰ ਹੋਣ ਲਈ ਰੋਸ ਮੁਜ਼ਾਹਰਾ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਇੱਕ ਵਿਸ਼ੇਸ਼ ਕਾਲ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਹਰਿਆਣਾ ਦੇ ਅੰਦਰ ਤੋਂ ਸ਼ੁਰੂ ਹੋਏ ਪ੍ਰਦਰਸ਼ਨਕਾਰੀਆਂ ਦਾ ਮੁੱਖ ਧਿਆਨ ਚਾਰ ਅੰਬਾਲਾ-ਦਿੱਲੀ, ਹਿਸਾਰ-ਦਿੱਲੀ, ਰੇਵਾੜੀ-ਦਿੱਲੀ ਅਤੇ ਪਲਵਲ-ਦਿੱਲੀ ਵੱਲ ਜਾਣ ਵਾਲੇ ਚਾਰ ਵੱਡੇ ਰਾਸ਼ਟਰੀ ਰਾਜਮਾਰਗਾਂ ‘ਤੇ ਹੋਵੇਗਾ।