Farmer leader Rajewal’s : ਕਿਸਾਨਾਂ ਵੱਲੋਂ ਦਿੱਲੀ ਵਿਖੇ ਸੰਘਰਸ਼ ਲਗਾਤਾਰ ਜਾਰੀ ਹੈ। ਇੰਨੀ ਕੜਕਦੀ ਠੰਡ ‘ਚ ਵੀ ਕਿਸਾਨ ਬਾਰਡਰ ‘ਤੇ ਡਟੇ ਹੋਏ ਸਨ। ਇਸੇ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ ਤੇ ਉਨ੍ਹਾਂ ਨੂੰ ਚੈਕਅੱਪ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਦਿਲ ‘ਚ ਦਰਦ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਹੀ ਹਸਪਤਾਲ ਦਾਖਲ ਕਰਵਾਇਆ ਗਿਆ। ਬੀਤੇ ਕੱਲ੍ਹ ਕਿਸਾਨਾਂ ਤੇ ਕੇਂਦਰ ਵਿਚਾਲੇ ਹੋਈ 7 ਘੰਟੇ ਦੀ ਮੀਟਿੰਗ ਬਾਰੇ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸਰਕਾਰ ਸਾਹਮਣੇ ਰੱਖਿਆ ਸੀ। ਇਹ ਦੱਸਿਆ ਜਾ ਰਿਹਾ ਹੈ ਕਿ ਬੱਸ ਤੋਂ ਉਤਰਦੇ ਸਮੇਂ ਉਨ੍ਹਾਂ ਦਾ ਪੈਰ ਵੀ ਫਿਸਲ ਗਿਆ ਸੀ ਤੇ ਅੱਜ ਅਚਾਨਕ ਸੀਨੇ ‘ਚ ਦਰਦ ਹੋਣ ਕਾਰਨ ਉਨ੍ਹਾਂ ਦੀ ਤਬੀਅਤ ਵਿਗੜ ਗਈ ਤੇ ਹਸਪਤਾਲ ਲਿਜਾਇਆ ਗਿਆ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਪੈਰ ਫਿਸਲਣ ਕਾਰਨ ਬਲਬੀਰ ਸਿੰਘ ਰਾਜੇਵਾਲ ਨੂੰ ਡਾਕਟਰ ਕੋਲ ਚੈੱਕਅੱਪ ਲਈ ਲਿਜਾਇਆ ਗਿਆ ਸੀ ਤੇ ਡਾਕਟਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਤਬੀਅਤ ਬਿਲਕੁਲ ਠੀਕ ਹੈ। ਥੋੜ੍ਹੇ ਜਿਹੇ ਆਰਾਮ ਨਾਲ ਉਹ ਠੀਕ ਹੋ ਜਾਣਗੇ ਪਰ ਅੱਜ ਜਦੋਂ ਕਿਸਾਨ ਜਥੇਬੰਦੀਆਂ ਆਪਸ ‘ਚ ਮੀਟਿੰਗ ਕਰ ਰਹੀਆਂ ਸਨ ਤੇ ਉਦੋਂ ਬਲਬੀਰ ਸਿੰਘ ਰਾਜੇਵਾਲ ਕਿਸਾਨ ਭਰਾਵਾਂ ਨਾਲ ਆਪਣੀ ਅਗਲੀ ਰਣਨੀਤੀ ਨੂੰ ਲੈ ਕੇ ਗੱਲਬਾਤ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਦੇ ਸੀਨੇ ‘ਚ ਦਰਦ ਹੋਇਆ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਥੇ ਇਹ ਵੀ ਦੱਸ ਦੇਈਏ ਕਿ ਰਾਜੇਵਾਲ ਦਾ ਕਹਿਣਾ ਹੈ ਕਿ ਉਹ ਕੱਲ੍ਹ ਹੋਣ ਵਾਲੀ ਕੇਂਦਰ ਤੇ ਕਿਸਾਨਾਂ ਵਾਲੀ ਮੀਟਿੰਗ ‘ਚ ਸ਼ਮੂਲੀਅਤ ਜ਼ਰੂਰ ਕਰਨਗੇ। ਬਲਬੀਰ ਸਿੰਘ ਰਾਜੇਵਾਲ ਕਿਸਾਨਾਂ ਦੀ ਅਗਵਾਈ ਕਰ ਰਹੇ ਹਨ ਤੇ ਪੂਰੀ ਬੇਬਾਕੀ ਨਾਲ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਸਾਹਮਣੇ ਰੱਖ ਰਹੇ ਹਨ। ਬਲਬੀਰ ਸਿੰਘ ਰਾਜੇਵਾਲ ਵੱਲੋਂ ਕਿਸਾਨਾਂ ਨਾਲ ਹਰ ਮੁੱਦੇ ‘ਤੇ ਗੱਲਬਾਤ ਕੀਤੀ ਜਾ ਰਹੀ ਹੈ ਤੇ ਨਾਲ ਹੀ ਕਿਸਾਨਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਤੇ ਸਮੱਸਿਆਵਾਂ ਨੂੰ ਸਰਕਾਰ ਸਾਹਮਣੇ ਰੱਖ ਰਹੇ ਹਨ ਤੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।