Farmers’ agitation strengthened : ਜੀਂਦ : ਕਿਸਾਨ ਅੰਦੋਲਨ ਦਿਨੋ-ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਕਿਸਾਨਾਂ ਅੱਗੇ ਗੋਡੇ ਟੇਕਦੀ ਨਜ਼ਰ ਆ ਰਹੀ ਹੈ। ਦਿੱਲੀ ਵਿਖੇ ਕਿਸਾਨ ਭਰਾਵਾਂ ਦੀ ਤਾਦਾਦ ਦਿਨੋ-ਦਿਨ ਵਧਦੀ ਜਾ ਰਹੀ ਹੈ। ਪੰਜਾਬ, ਹਰਿਆਣਾ, ਯੂ. ਪੀ. ਤੋਂ ਬਾਅਦ ਹੁਣ ਜੀਂਦ ਤੋਂ 30 ਖਾਪਾਂ ਵੀ ਕਿਸਾਨ ਅੰਦੋਲਨ ਦੇ ਸਮਰਥਨ ‘ਚ ਆ ਗਈਆਂ ਹਨ। ਅੱਜ ਜੀਂਦ ‘ਚ ਚਹਿਲ ਖਾਪ ਨੇ ਬੈਠਕ ‘ਚ ਕਿਹਾ ਕਿ ਸਾਰੇ ਸਾਜੋ-ਸਾਮਾਨ ਨਾਲ ਅਸੀਂ ਕੱਲ ਦਿੱਲੀ ਕੂਚ ਕਰਾਂਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦਿੱਲੀ ‘ਚ ਕਿਸਾਨਾਂ ਦਾ ਅੰਦੋਲਨ ਰਹੇਗਾ ਉਹ ਵੀ ਦਿੱਲੀ ‘ਚ ਹੀ ਡਟੇ ਰਹਿਣਗੇ ਤੇ ਨਾਲ ਹੀ ਉੁਨ੍ਹਾਂ ਕਿਹਾ ਕਿ ਅਸੀਂ ਦਿੱਲੀ ਦੇ ਨੇੜੇ ਹਾਂ। ਕਿਸਾਨਾਂ ਨੂੰ ਜੋ ਵੀ ਲੋੜ ਹੋਵੇਗੀ, ਅਸੀਂ ਉਨ੍ਹਾਂ ਦੀ ਮਦਦ ਕਰਾਂਗੇ। ਚਹਿਲ ਖਾਪ ਨੇ ਕਿਹਾ ਕਿ ਕੱਲ੍ਹ ਰੋਹਤਕ ਤੋਂ 30 ਖਾਪਾਂ ਕਿਸਾਨਾਂ ਦੇ ਸਮਰਥਨ ‘ਚ ਆਈਆਂ ਹਨ। 1-2 ਦਿਨ ‘ਚ ਹਰਿਆਣਾ ਦੀਆਂ ਸਾਰੀਆਂ ਖਾਪਾਂ ਇਸ ਅੰਦੋਲਨ ‘ਚ ਉਤਰਨਗੀਆਂ। ਉਨ੍ਹਾਂ ਕਿਹਾ ਕਿ ਖਾਪਾਂ ਦਾ ਮੁੱਖ ਟੀਚਾ ਦੋ ਦਿਨ ਦੇ ਅੰਦਰ 2 ਲੱਖ ਤੋਂ ਵੱਧ ਲੋਕਾਂ ਦਿੱਲੀ ਲੈ ਜਾਣ ਦਾ ਹੈ।
ਉਥੇ ਹਰਿਆਣਾ ਫਲ ਤੇ ਸਬਜ਼ੀ ਮੰਡੀ ਐਸੋਸੀਏਸ਼ਨ ਨੇ ਦਿੱਲੀ ‘ਚ ਜਾਰੀ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਫਤਿਆਬਾਦ ਦੇ ਟੋਹਾਣਾ ‘ਚ ਇੱਕ ਐਮਰਜੈਂਸੀ ਪ੍ਰੈਸ ਕਾਨਫਰੰਸ ਬੁਲਾ ਕੇ ਹਰਿਆਣਾ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਪ੍ਰਦੇਸ਼ ਪ੍ਰਧਾਨ ਰਾਜੇਂਦਰ ਠਕਰਾਲ ਨੇ ਕਿਸਾਨ ਦੇ ਅੰਦੋਲਨ ਨੂੰ ਐਸੋਸੀਏਸ਼ਨ ਵੱਲੋਂ ਸਮਰਥਨ ਦਾ ਐਲਾਨ ਕਰਦੇ ਹੋਏ ਹਰਿਆਣਾ ਦੇ ਸਬਜ਼ੀ ਮੰਡੀ ਵਪਾਰੀ ਵੀ ਲਗਾਤਾਰ ਸਰਕਾਰ ਤੋਂ ਕਿਸਾਨਾਂ ਦੀ ਤਰ੍ਹਾਂ ਹੀ ਆਪਣੀਆਂ ਮੰਗਾਂ ਮੰਨਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਰਕਾਰ ਨੇ ਸਬਜ਼ੀ ਮੰਡੀ ਵਪਾਰੀਆਂ ਦੀ ਕੋਈ ਗੱਲ ਨਹੀਂ ਸੁਣੀ।
ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕਿਸਾਨਾਂ ‘ਤੇ ਸਰਕਾਰ ਨੇ ਲਾਠੀਆਂ ਚਲਾਈਆਂ, ਵਾਟਰ ਕੈਨਨ ਦਾ ਇਸਤੇਮਾਲ ਕੀਤਾ, ਉਸ ਦੀ ਅਸੀਂ ਐਸੋਸੀਏਸ਼ਨ ਵੱਲੋਂ ਸਖਤ ਨਿੰਦਾ ਕਰਦੇ ਹਾਂ। ਪ੍ਰਦੇਸ਼ ਪ੍ਰਧਾਨ ਰਾਜੇਂਦਰ ਠਕਰਾਲ ਨੇ ਕਿਹਾ ਕਿ ਹਰਿਆਣਾ ਦਾ ਸਬਜ਼ੀ ਮੰਡੀ ਵਪਾਰੀ ਵੀ ਕਿਸਾਨਾਂ ਲਈ ਤਨ-ਮਨ ਤੇ ਧਨ ਨਾਲ ਸਮਰਥਨ ‘ਚ ਉਤਰੇਗਾ ਤੇ ਸੂਬੇ ਦੀਆਂ ਸਾਰੀਆਂ 113 ਸਬਜ਼ੀ ਮੰਡੀ ਦੇ ਵਪਾਰੀ ਆਪਣੀਆਂ ਗੱਡੀਆਂ ਨਾਲ ਦਿੱਲੀ ਕੂਚ ਕਰਨਗੇ।
ਇਥੇ ਦੱਸਣਯੋਗ ਹੈ ਕਿ ਕਿਸਾਨ ਸਿੰਘੂ ਤੇ ਟਿਕਰੀ ਬਾਰਡਰ ‘ਤੇ ਡਟੇ ਹੋਏ ਹਨ ਤੇ ਉਨ੍ਹਾਂ ਦਾ ਪ੍ਰਦਰਸ਼ਨ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਅੱਜ ਕਿਸਾਨਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਗੁਰਪੁਰਬ ਵੀ ਉਥੇ ਹੀ ਮਨਾਇਆ ਜਾ ਰਿਹਾ ਹੈ। ਬਾਰਡਰ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਉਥੇ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ ਤਾਂ ਜੋ ਉਨ੍ਹਾਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ : Delhi ਪੁੱਜ ਗਿਆ Sidhu Moosewala, Tikri Border ਤੋਂ Live