Farmers decide to : ਕਿਸਾਨਾਂ ਵੱਲੋਂ ਕੇਂਦਰ ਵੱਲੋਂ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਖੇਤੀ ਨਾਲ ਜੁੜੇ ਕਾਨੂੰਨਾਂ ਖਿਲਾਫ ਹਜ਼ਾਰਾਂ ਕਿਸਾਨ ਦਿੱਲੀ ਦੀ ਸਿੰਘੂ ਬਾਰਡਰ ‘ਤੇ ਡਟੇ ਹੋਏ ਹਨ। ਕੇਂਦਰ ਵੱਲੋਂ ਗੱਲਬਾਤ ਦੇ ਪ੍ਰਸਤਾਵ ਦੇ ਬਾਵਜੂਦ ਉੁਨ੍ਹਾਂ ਦਾ ਵਿਰੋਧ ਜਾਰੀ ਹੈ। ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਸਿੰਘੂ ਬਾਰਡਰ ‘ਤੇ ਹੀ ਆਪਣਾ ਵਿਰੋਧ ਜਾਰੀ ਰੱਖਣਗੇ ਤੇ ਅਤੇ ਕਿਤੇ ਹੋਰ ਨਹੀਂ ਜਾਣਗੇ। ਇਹ ਵੀ ਤੈਅ ਕੀਤਾ ਗਿਆ ਕਿ ਰੋਜ਼ ਸਵੇਰੇ 11 ਵਜੇ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਕਿਸਾਨਾਂ ਦੀ ਭੀੜ ਨੂੰ ਦੇਖਦੇ ਹੋਏ ਦਿੱਲੀ-ਹਰਿਆਣਾ ਬਾਰਡਰ ‘ਤੇ ਭਾਰੀ ਗਿਣਤੀ ‘ਚ ਸਕਿਓਰਿਟੀ ਫੋਰਸ ਤਾਇਨਾਤ ਹੈ। ਸ਼ਨੀਵਾਰ ਸ਼ਾਮ ਅੰਦੋਲਨਕਾਰੀਆਂ ਨੇ ਹਾਈਵੇ ‘ਤੇ ਤੰਬੂ ਲਗਾਉਣੇ ਸ਼ੁਰੂ ਕਰ ਦਿੱਤੇ। ਨਾਲ ਹੀ ਪੰਜਾਬ, ਹਰਿਆਣਾ ਤੇ ਯੂ. ਪੀ. ਦੇ ਕਿਸਾਨਾਂ ਦਾ ਆਉਣਾ ਵੀ ਜਾਰੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਸਰਕਾਰ ਗੱਲਬਾਤ ਲਈ ਤੈਅ ਦਿਨ 3 ਦਸੰਬਰ ਤੋਂ ਪਹਿਲਾਂ ਵੀ ਕਿਸਾਨਾਂ ਨਾਲ ਵਿਚਾਰ-ਚਰਚਾ ਲਈ ਤਿਆਰ ਹੈ। ਉਨ੍ਹਾਂ ਅਪੀਲ ਕੀਤੀ ਸੀ ਕਿ ਕਿਸਾਨ ਦਿੱਲੀ ਦੇ ਬਾਹਰੀ ਇਲਾਕੇ ਬੁਰਾੜੀ ‘ਚ ਨਿਰੰਕਾਰੀ ਸਮਾਗਮ ਗਰਾਊਂਡ ‘ਤੇ ਪ੍ਰਦਰਸ਼ਨ ਕਰੇ। ਇਸ ‘ਤੇ ਕਿਸਾਨਂ ਨੇ ਕਿਹਾ ਕਿ ਸਰਕਾਰ ਨੂੰ ਖੁੱਲ੍ਹੇ ਦਿਲ ਨਾਲ ਅੱਗੇ ਆਉਣਾ ਚਾਹੀਦਾ ਹੈ ਨਾ ਕਿ ਸ਼ਰਤਾਂ ਨਾਲ।
ਭਾਰਤੀ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਅਸੀਂ ਅੱਜ ਸਵੇਰੇ ਮੀਟਿੰਗ ਤੋਂ ਬਾਅਦ ਇਸ ਪ੍ਰਸਤਾਵ ‘ਤੇ ਕੋਈ ਫੈਸਲਾ ਕਰਾਂਗੇ। ਅਮਿਤ ਸ਼ਾਹ ਨੇ ਸ਼ਰਤ ਰੱਖ ਕੇ ਜਲਦ ਬੈਠਕ ਕਰਨ ਦੀ ਅਪੀਲ ਕੀਤੀ ਹੈ। ਇਹ ਸਹੀ ਨਹੀਂ ਹੈ। ਉਨ੍ਹਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਖੁੱਲ੍ਹੇ ਦਿਲ ਨਾਲ ਗੱਲਬਾਤ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਵਿਰੋਧ ਰਾਮ ਲੀਲਾ ਮੈਦਾਨ ‘ਚ ਹੁੰਦਾ ਹੈ। ਫਿਰ ਅਸੀਂ ਨਿੱਜੀ ਜਗ੍ਹਾ ਨਿਰੰਕਾਰੀ ਭਵਨ ‘ਚ ਕਿਉਂ ਜਾਈਏ? ਅੱਜ ਅਸੀਂ ਇਥੇ ਹੀ ਰਹਾਂਗੇ।
ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਵੀ ਸ਼ਨੀਵਾਰ ਨੂੰ ਕਿਸਾਨਾਂ ਤੋਂ ਆਪਣਾ ਵਿਰੋਧ ਵਾਪਸ ਲੈਣ ਦੀ ਅਪੀਲ ਕੀਤੀ। ਉੁਨ੍ਹਾਂ ਕਿਹਾ ਕਿ ਇਹ ਅੰਦੋਲਨ ਕਾਂਗਰਸ ਦੀ ਰਚੀ ਸਾਜਿਸ਼ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇੱਕ ਕਿਸਾਨ ਦਾ ਬੇਟਾ ਹੋਣ ਦੇ ਨਾਤੇ ਮੈਂ ਦੇਸ਼ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਾਂਗਰਸ ਆਪਣੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ।
ਕਿਸਾਨ ਅੰਦੋਲਨ ਕਾਰਨ ਹਾਈਵੇ ਦਾ ਨਜ਼ਾਰਾ ਮਿੰਨੀ ਪੰਜਾਬ ਵਰਗਾ ਹੋ ਗਿਆ ਹੈ। ਟਰਾਲੀਆਂ ਨੂੰ ਹੀ ਕਿਸਾਨਾਂ ਨੇ ਘਰ ਬਣਾ ਲਿਆ ਹੈ। ਉਥੇ ਹੀ ਖਾਣਾ ਬਣ ਰਿਹਾ ਹੈ ਤਾਂ ਉਥੇ ਹੀ ਨਹਾਉਣ ਅਤੇ ਕੱਪੜੇ ਧੋਣ ਦਾ ਇੰਤਜ਼ਾਮ ਹੈ। ਥਾਂ-ਥਾਂ ‘ਤੇ ਲੰਗਰ ਲੱਗੇ ਹਨ। ਧਰਨੇ ਵਾਲੇ ਧਰਨੇ ‘ਤੇ ਬੈਠੇ ਹਨ। ਸਾਰਿਆਂ ਨੂੰ ਵੱਖ-ਵੱਖ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਉਸ ਮੁਤਾਬਕ ਹਰ ਕੋਈ ਆਪਣਾ ਕੰਮ ਕਰ ਰਿਹਾ ਹੈ। ਕਿਸਾਨਾਂ ਵੱਲੋਂ ਅੱਜ ਸਵੇਰੇ 11 ਵਜੇ ਅਗਲੀ ਰਮਨੀਤੀ ਬਣਾਉਣ ਬਾਰੇ ਫੈਸਲਾ ਲਿਆ ਜਾਵੇਗਾ।