Farmers from Punjab : ਪੰਜਾਬ ਦੇ ਕਿਸਾਨਾਂ ਨੇ ਦਿੱਲੀ ‘ਚ ਐਂਟਰੀ ਕਰ ਲਈ ਹੈ। ਜਿਵੇਂ ਹੀ ਕਿਸਾਨ ਦਿੱਲੀ ਪੁੱਜੇ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਲੱਗਦੇ ਸਾਰੇ ਬਾਰਡਰ ਖੋਲ੍ਹ ਦਿੱਤੇ ਹਨ ਤੇ ਹੁਣ ਉਥੇ ਆਵਾਜਾਈ ਸ਼ੁਰੂ ਹੋ ਗਈ ਹੈ। ਇਥੇ ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਕਾਰਨ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਸੀ। ਪੰਜਾਬ ਤੋਂ ਚੱਲੇ ਕਿਸਾਨਾਂ ਨੂੰ ਦਿੱਲੀ ਆਉਣ ਦੀ ਇਜਾਜ਼ਤ ਮਿਲ ਗਈ ਹੈ। ਕਿਸਾਨ ਸਿੰਧੂ ਬਾਰਡਰ ਤੋਂ ਦਿੱਲੀ ਆ ਸਕਣਗੇ। ਇਸ ਦੌਰਾਨ ਪੁਲਿਸ ਦੀ ਟੀਮ ਵੀ ਉਨ੍ਹਾਂ ਨਾਲ ਰਹੇਗੀ। ਇਸ ਤੋਂ ਪਹਿਲਾਂ ਸਵੇਰੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ ਲਈ ਸ਼ੰਭੂ ਬਾਰਡਰ ‘ਤੇ ਕਿਸਾਨਾਂ ਤੇ ਹਰਿਆਣਾ ਪੁਲਿਸ ‘ਚ ਟਕਰਾਅ ਹੋ ਗਿਆ ਸੀ। ਪੁਲਿਸ ਨੇ ਕਿਸਾਨਾਂ ‘ਤੇ ਵਾਟਰ ਕੈਨਨ ਨਾਲ ਪਾਣੀ ਦੀ ਬੌਛਾਰ ਕੀਤੀ ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਬਾਅਦ ‘ਚ ਕਿਸਾਨਾਂ ਨੇ ਬੈਰੀਕੇਡਸ ਵੀ ਹਟਾ ਦਿੱਤੇ ਤੇ ਹਰਿਆਣਾ ਦੀ ਸਰਹੱਦ ‘ਚ ਦਾਖਲ ਹੋ ਗਏ।
ਡਬਵਾਲੀ ਕੋਲ ਪੰਜਾਬ ਹਰਿਆਣਾ ਬਾਰਡਰ ‘ਤੇ ਹਰਿਆਣਾ ਪੁਲਿਸ ਦੇ ਬੈਰੀਕੇਡਸ ਤੋੜ ਦਿੱਤੇ ਗਏ। ਬਠਿੰਡਾ ‘ਚ ਡੂਮਵਾਲੀ ਬਾਰਡਰ ‘ਤੇ ਵੀ ਕਿਸਾਨਾਂ ਨੇ ਬੈਰੀਕੇਡਸ ਤੇ ਪੁਲਿਸ ਦਾ ਨਾਕਾ ਤੋੜਿਆ। ਕਿਸਾਨ ਨੇਤਾ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਗਿੱਲਾ ਕੱਪੜਾ ਮੂੰਹ ‘ਤੇ ਬੰਨ੍ਹਣ ਤਾਂ ਕਿ ਅੱਥਰੂ ਗੈਸ ਤੋਂ ਬਚਾਅ ਹੋ ਸਕੇ। ਦੂਜੇ ਪਾਸੇ ਸੰਗਰੂਰ ਜਿਲ੍ਹੇ ‘ਚ ਵੀ ਖਨੌਰੀ ਬਾਰਡਰ ਕੋਲ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਕਿਸਾਨਾਂ ਨੇ ਇਥੇ ਬਾਰਡਰ ‘ਤੇ ਪਾਈਆਂ ਗਈਆਂ ਮਿੱਟੀਆਂ ਦੇ ਢੇਰ ਨੂੰ ਹਟਾ ਦਿੱਤਾ। ਚੰਡੀਗੜ੍ਹ-ਅੰਬਾਲਾ ਹਾਈਵੇ ਤੋਂ ਵੀ ਕਿਸਾਨ ਦਿੱਲੀ ਵੱਲ ਜਾ ਰਹੇ ਹਨ। ਇਸ ਨਾਲ ਇਸ ਰਸਤੇ ‘ਤੇ ਆਵਾਜਾਈ ਜਾਮ ਹੈ।
ਬਠਿੰਡਾ ਦੇ ਡੂਮਵਾਲੀ ‘ਚ ਪੰਜਾਬ-ਹਰਿਆਣਾ ਬਾਰਡਰ ‘ਤੇ ਵੱਡੀ ਗਿਣਤੀ ‘ਚ ਕਿਸਾਨ ਸ਼ੁੱਕਰਵਾਰ ਸਵੇਰੇ ਪੁੱਜ ਗਏ। ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਨਾਕਾ ਲਗਾਇਆ ਹੋਇਆ ਸੀ ਤੇ ਬੈਰੀਕੇਡਸ ਲਗਾ ਕੇ ਸੜਕ ਵੀ ਰੋਕੀ ਹੋਈ ਸੀ। ਕਿਸਾਨ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ‘ਤੇ ਭਾਰੀ ਪੈ ਗਏ। ਕਿਸਾਨਾਂ ਨੇ ਪੁਲਿਸ ਨਾਕੇ ਤੇ ਬੈਰੀਕੇਡਸ ਤੋੜ ਦਿੱਤੇ ਤੇ ਹਰਿਆਣਾ ਦੀ ਸਰਹੱਦ ‘ਚ ਦਾਖਲ ਹੋ ਗਏ। ਅੰਮ੍ਰਿਤਸਰ ਤੋਂ ਵੀ ਕਾਫੀ ਵੱਡੀ ਗਿਣਤੀ ‘ਚ ਕਿਸਾਨ ਦਿੱਲੀ ਵੱਲ ਕੂਚ ਕਰ ਗਏ ਹਨ। ਕਿਸਾਨ ਦਿੱਲੀ ਕੂਚ ਕਰਨ ਤੋਂ ਪਹਿਲਾਂ ਅੰਮ੍ਰਿਤਸਰ ਸਥਿਤ ਗੋਲਡਨ ਗੇਟ ਪੁੱਜੇ ਤੇ ਵਾਹਨਾਂ ‘ਚ ਨਾਅਰੇਬਾਜ਼ੀ ਕਰਦੇ ਹੋਏ ਰਵਾਨਾ ਹੋਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੇਤਾਵਾਂ ਨੇ ਕਿਹਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।