Former Congress leader : ਪੰਜਾਬ ਕਾਂਗਰਸ ਦੇ ਸਾਬਕਾ ਬੁਲਾਰੇ ਅਮਨਦੀਪ ਸਿੰਘ ਗੋਰਾ ਗਿੱਲ ਅਤੇ ਉਸਦੇ ਪਰਿਵਾਰ ਨੇ ਕਿਸਾਨ ਅੰਦੋਲਨ ਦੇ ਹੱਕ ‘ਚ ਤਾਂਬੇ ਦੀ ਚਾਦਰ ਵਾਪਸ ਕਰਨ ਦਾ ਫੈਸਲਾ ਕੀਤਾ। ਗੋਰਾ ਦੇ ਪਰਿਵਾਰ ਨੂੰ ਇਹ ਪੱਤਰ ਉਨ੍ਹਾਂ ਦੇ ਦਾਦਾ ਵਜ਼ੀਰ ਸਿੰਘ ਗਿੱਲ ਨੂੰ ਆਜ਼ਾਦੀ ਸੰਗਰਾਮ ‘ਚ ਉਨ੍ਹਾਂ ਦੇ ਯੋਗਦਾਨ ਲਈ ਦਿੱਤਾ ਗਿਆ ਸੀ। ਅਮਨਦੀਪ ਸਿੰਘ ਗੋਰਾ ਗਿੱਲ, ਮੰਗਲਵਾਰ ਨੂੰ ਕਿਸਾਨ ਬੰਦ ਦੇ ਸਮਰਥਨ ‘ਚ ਨਦਲਾ ਪਹੁੰਚ ਕੇ ਇਸ ਦਾ ਐਲਾਨ ਕੀਤਾ। ਗੋਰਾ ਗਿੱਲ ਨੇ ਕਿਹਾ ਕਿ ਮੇਰੇ ਦਾਦਾ ਆਜ਼ਾਦੀ ਘੁਲਾਟੀਏ ਵਜ਼ੀਰ ਸਿੰਘ ਗਿੱਲ ਸਨ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਰਹਿ ਕੇ ਬ੍ਰਿਟਿਸ਼ ਵਿਰੁੱਧ ਲੜਾਈ ਲੜੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਾਲੇ ਪਾਣੀ ‘ਚ ਜੇਲ੍ਹ ‘ਚ ਪਾ ਦਿੱਤਾ ਗਿਆ। ਦਾਦਾ ਜੀ ਦੀ ਇਸ ਕੁਰਬਾਨੀ ਸਦਕਾ, 1972 ‘ਚ, ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਜ਼ਾਦੀ ਦੀ 25 ਵੀਂ ਵਰ੍ਹੇਗੰਢ ‘ਤੇ ਇਕ ਤਾਂਬਾ ਪੱਤਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨਮੰਤਰੀ ਵੱਲੋਂ ਕਿਸਾਨਾਂ ਵਿਰੁੱਧ ਖੇਤੀਬਾੜੀ ਕਾਨੂੰਨ ਲਿਆਂਦੇ ਗਏ ਹਨ। ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਇਹ ਕਾਨੂੰਨ ਭਾਜਪਾ-ਮੋਦੀ ਸਰਕਾਰ ਰੱਦ ਨਹੀਂ ਕਰ ਰਹੇ ਹਨ। ਜਿਸ ਦੇ ਵਿਰੋਧ ‘ਚ ਮੈਂ ਅਤੇ ਮੇਰੇ ਪਰਿਵਾਰ ਨੇ ਦਾਦਾ ਜੀ ਨੂੰ ਦਿੱਤਾ ਸਨਮਾਨ ਪੱਤਰ ਵਾਪਸ ਦੇਣ ਦਾ ਫੈਸਲਾ ਕੀਤਾ ਹੈ। ਗੋਰਾ ਨੇ ਕਿਹਾ ਕਿ ਦੇਸ਼ ਜੈ ਜਵਾਨ-ਜੈ ਕਿਸਾਨ ਦੇ ਨਾਅਰੇ ਨਾਲ ਆਜ਼ਾਦ ਹੋਇਆ ਸੀ। ਅੱਜ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਕਿਸਾਨ ਆਪਣੇ ਹੱਕਾਂ ਲਈ ਲੜ ਰਹੇ ਹਨ ਤੇ ਉਨ੍ਹਾਂ ਦੀ ਆਵਾਜ਼ ਨੂੰ ਨਹੀਂ ਸੁਣਿਆ ਜਾ ਰਿਹਾ।
ਕਿਸਾਨਾਂ ਨੂੰ ਉਸ ਦੀ ਫਸਲ ਦਾ ਸਹੀ ਮੁੱਲ ਮਿਲਣਾ ਉਸ ਦਾ ਅਧਿਕਾਰ ਹੈ ਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਹ ਗਲਤ ਹੈ। ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਉਹ ਪਿਛਲੇ 12 ਦਿਨਾਂ ਤੋਂ ਰਾਜਧਾਨੀ ‘ਚ ਸੰਘਰਸ਼ ਕਰ ਰਹੇ ਹਨ ਤੇ ਇਸ ਕੜਕਦੀ ਠੰਡ ‘ਚ ਸੜਕਾਂ ‘ਦੇ ਰਹਿਣ ਲਈ ਮਜਬੂਰ ਹਨ। ਇਸ ਤੋਂ ਪਹਿਲਾਂ ਵੀ ਕਾਫੀ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਵੱਲੋਂ ਸਨਮਾਨ ਪੱਤਰ ਵਾਪਸ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਨੂੰ ਕਾਲੇ ਖੇਤੀ ਕਾਨੂੰਨਾਂ ਨੂੰ ਹਰ ਹਾਲਤ ‘ਚ ਰੱਦ ਕਰਨਾ ਚਾਹੀਦਾ ਹੈ।