Large number of : ਦਿੱਲੀ-ਹਰਿਆਣਾ ਬਾਰਡਰ ‘ਤੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ‘ਚ ਵੱਡੀ ਗਿਣਤੀ ‘ਚ ਕਿਸਾਨ ਸ਼ਾਮਲ ਹੋ ਸਕਦੇ ਹਨ। ਗ੍ਰਹਿ ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਕਈ ਹੋਰ ਕਿਸਾਨ ਸੰਗਠਨ ਅੰਦੋਲਨ ‘ਚ ਆਉਣ ਦੀ ਤਿਆਰੀ ਕਰ ਰਹੇ ਹਨ। ਫਿਲਹਾਲ 500 ਦੇ ਲਗਭਗ ਕਿਸਾਨ ਸੰਗਠਨ ਵਿਰੋਧ ਪ੍ਰਦਰਸ਼ਨਾਂ ‘ਚ ਸ਼ਾਮਲ ਹਨ ਜਿਨ੍ਹਾਂ ‘ਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਹਨ। ਅੰਦੋਲਨ ‘ਚ ਕਿਸਾਨਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀ ਵੀ ਸੁਚੇਤ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਨੂੰ ਸੰਜਮ ਨਾਲ ਕੰਮ ਲੈਣ ਨੂੰ ਕਿਹਾ ਹੈ। ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀਆਂ ਤੇ ਕੇਂਦਰੀ ਮੰਤਰੀਆਂ ਦਰਮਿਆਨ ਮੀਟਿੰਗ ਸ਼ੁਰੂ ਹੋ ਚੁੱਕੀ ਹੈ।
ਗ੍ਰਹਿ ਮੰਤਰਾਲੇ ਮੁਤਾਬਕ ਕਈ ਹੋਰ ਕਿਸਾਨ ਸੰਗਠਨ ਅੰਦੋਲਨ ‘ਚ ਪ੍ਰਦਰਸ਼ਨਕਾਰੀਆਂ ਨਾਲ ਜੁੜਨ ਦੀ ਤਿਆਰੀ ‘ਚ ਹਨ। ਨੈਨੀਤਾਲ ਤੋਂ ਲੈ ਕੇ ਅੰਮ੍ਰਿਤਸਰ ਤੱਕ ਕਈ ਕਿਸਾਨ ਪ੍ਰਦਰਸ਼ਨ ‘ਚ ਸ਼ਾਮਲ ਹੋਣ ਲਈ ਅੱਗੇ ਵੱਧ ਰਹੇ ਹਨ। ਕਿਸਾਨਾਂ ਦੇ ਸਮੂਹ ਟਰੈਕਟਰ ਤੇ ਟਰੱਕਾਂ ਰਾਹੀਂ ਗਾਜੀਪੁਰ ਬਾਰਡਰ ‘ਤੇ ਜਮ੍ਹਾ ਹੋ ਰਹੇ ਹਨ ਕਿਉਂਕਿ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਦਿੱਲੀ ਪ੍ਰਵੇਸ਼ ‘ਤੇ ਰੋਕ ਹੈ। ਇਸ ਲਈ ਉਹ ਬਾਰਡਰ ‘ਤੇ ਹੀ ਡਟੇ ਹੋਏ ਹਨ। ਦਿੱਲੀ-ਹਰਿਆਣਾ ਸਰਹੱਦ ਦੇ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ‘ਤੇ ਪਹਿਲਾਂ ਹੀ ਕਿਸਾਨਾਂ ਨੇ ਰਸਤਾ ਜਾਮ ਕੀਤਾ ਹੋਇਆ ਹੈ।
500 ਤੋਂ ਵੱਧ ਕਿਸਾਨਾਂ ਦਾ ਇੱਕ ਜਥਾ ਬਿਲਾਸਪੁਰ ਤੇ ਗੁਰੂਗ੍ਰਾਮ ਪਹੁੰਚ ਰਿਹਾ ਹੈ ਤੇ ਉਥੋਂ ਉਹ ਪ੍ਰਦਰਸ਼ਨ ‘ਚ ਸ਼ਾਮਲ ਹੋਣਗੇ। ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੱਕ ਅੰਦੋਲਨ ਦੀ ਤਿਆਰੀ ਕਰਕੇ ਆਏ ਹੋਏ ਹਨ ਤੇ ਪੁਲਿਸ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਟਿਕਰੀ ਤੇ ਸਿੰਘੂ ਬਾਰਡਰ ‘ਤੇ ਕਿਸਾਨ ਤੇ ਪੁਲਿਸ ਆਹਮੋ ਸਾਹਮਣੇ ਹੈ। ਪੁਲਿਸ ਮੁਲਾਜ਼ਮਾਂ ਨੂੰ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਨਾਲ-ਨਾਲ ਸੂਝ-ਬੂਝ ਨਾਲ ਕਿਸੇ ਵੀ ਹਾਲਾਤ ਨਾਲ ਨਿਪਟਣ ਲਈ ਕਿਹਾ ਗਿਆ ਹੈ। ਵੈਸੇ ਤਾਂ ਅੱਜ ਕਿਸਾਨਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ ਤੇ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਸਾਹਮਣੇ ਆ ਸਕਦਾ ਹੈ।
ਇਹ ਵੀ ਪੜ੍ਹੋ : Punjab ‘ਚ ਅੱਜ ਤੋਂ Curfew ਲਾਗੂ, ਵੇਖ ਲਓ ਕੀ ਨੇ ਸਰਕਾਰ ਦੀਆਂ ਨਵੀਆਂ ਗਾਈਡਲਾਈਨਾਂ…