Meeting of 32 : ਨਵੀਂ ਦਿੱਲੀ :ਤਿੰਨ ਕੇਂਦਰ ਮੰਤਰੀਆਂ ਨਾਲ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀਆਂ ਦੀ ਮੰਗਲਵਾਰ ਨੂੰ ਹੋਈ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਅੱਜ ਕਿਸਾਨ ਸੰਗਠਨਾਂ ਦੀ ਸਿੰਘੂ ਬਾਰਡਰ ‘ਤੇ ਬੈਠਕ ਹੋ ਰਹੀ ਹੈ। ਇਸ ‘ਚ ਮੁੱਖ 32 ਸੰਗਠਨਾਂ ਦੇ ਲੋਕ ਸ਼ਾਮਲ ਹਨ। ਕਿਸਾਨ ਸੰਗਠਨਾਂ ਵੱਲੋਂ 4 ਵਜੇ ਪ੍ਰੈਸ ਕਾਨਫਰੰਸ ਕਰਕੇ ਬੈਠਕ ‘ਚ ਲਏ ਗਏ ਫੈਸਲੇ ਬਾਰੇ ਦੱਸਿਆ ਜਾਵੇਗਾ। ਮੰਨਿਆ ਜਾ ਰਿਹਾ ਹੈ। ਕਿਸਾਨ ਬੈਠਕ ‘ਚ ਅਗਲੀ ਰਣਨੀਤੀ ‘ਤੇ ਚਰਚਾ ਕਰ ਰਹੇ ਹਨ ਤੇ ਨਾਲ ਹੀ ਵੀਰਵਾਰ ਨੂੰ ਹੋਣ ਵਾਲੀ ਕੇਂਦਰ ਸਰਕਾਰ ਨਾਲ ਬੈਠਕ ਲਈ ਗੱਲਬਾਤ ਦੇ ਬਿੰਦੂਆਂ ‘ਤੇ ਵੀ ਚਰਚਾ ਹੋ ਰਹੀ ਹੈ। ਮੰਗਲਵਾਰ ਨੂੰ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਅੰਦੋਲਨਕਾਰੀ ਕਿਸਾਨਾਂ ਦੇ ਮੁੱਦਿਆਂ ‘ਤੇ ਵਿਚਾਰ-ਚਰਚਾ ਲਈ ਇੱਕ ਕਮੇਟੀ ਬਣਾਉਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਵੀਰਵਾਰ ਨੂੰ ਦੋਵੇਂ ਪੱਖ ਫਿਰ ਤੋਂ ਬੈਠਕ ਨੂੰ ਲੈ ਕੇ ਸਹਿਮਤ ਹੋਏ ਹਨ।
ਕਿਸਾਨਾਂ ਦੀ ਬੈਠਕ ‘ਚ ਇਨ੍ਹਾਂ ਮੁੱਦਿਆਂ ‘ਤੇ ਗੱਲਬਾਤ ਹੋ ਰਹੀ ਹੈ। ਮੰਗਲਵਾਰ ਦੀ ਬੈਠਕ ‘ਚ ਸਰਕਾਰ ਵੱਲੋਂ ਤਿੰਨ ਨਵੇਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਖਾਰਜ ਕਰ ਦਿੱਤੀ ਗਈ। ਸਰਕਾਰ ਨੇ ਕਿਸਾਨ ਸੰਗਠਨਾਂ ਨੂੰ ਨਵੇਂ ਕਾਨੂੰਨਾਂ ਨੂੰ ਲੈ ਕੇ ਆਪਣੇ ਇਤਰਾਜ਼ਾਂ ਨੂੰ ਉਜਾਗਰ ਕਰਨ ਅਤੇ ਵੀਰਵਾਰ ਨੂੰ ਹੋਣ ਵਾਲੀ ਗੱਲਬਾਤ ਦੇ ਅਗਲੇ ਦੌਰ ਤੋਂ ਪਹਿਲਾਂ ਬੁੱਧਵਾਰ ਨੂੰ ਸੌਂਪਣ ਲਈ ਕਿਹਾ ਹੈ। ਕਿਸਾਨ ਸੰਗਠਨਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਦੇਸ਼ ਭਰ ‘ਚ ਅੰਦੋਲਨ ਤੇਜ਼ ਕੀਤਾ ਜਾਵੇਗਾ।
ਬੈਠਕ ‘ਚ 35 ਕਿਸਾਨ ਨੇਤਾਵਾਂ ਨੇ ਹਿੱਸਾ ਲਿਆ ਤੇ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦਾ 7ਵਾਂ ਦਿਨ ਹੈ। ਬੈਠਕ ਤੋਂ ਬਾਅਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਬਿਆਨ ‘ਚ ਕਿਹਾ ਕਿ ਮੀਟਿੰਗ ਬੇਸਿੱਟਾ ਰਹੀ ਤੇ ਕਿਸਾਨਾਂ ਨੇ ਕਮੇਟੀ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਕਮੇਟੀਆਂ ਨੇ ਅਤੀਤ ‘ਚ ਵੀ ਕੋਈ ਨਤੀਜਾ ਨਹੀਂ ਕੱਢਿਆ ਹੈ।
ਸਤੰਬਰ ‘ਚ ਲਾਗੂ ਕੀਤੇ ਗਏ ਇਨ੍ਹਾਂ ਕਾਨੂੰਨਾਂ ਬਾਰੇ ਸਰਕਾਰ ਦਾ ਪੱਖ ਹੈ ਕਿ ਇਹ ਵਿਚੋਲੀਆਂ ਨੂੰ ਹਟਾ ਕੇ ਕਿਸਾਨਾਂ ਨੂੰ ਦੇਸ਼ ‘ਚ ਕਿਤੇ ਵੀ ਆਪਣੀ ਉਪਜ ਵੇਚਣ ਦੀ ਛੋਟ ਦਿੰਦਾ ਹੈ। ਕਿਸਾਨਾਂ ਦੀ ਸ਼ੰਕਾ ਹੈ ਕਿ ਨਵੇਂ ਕਾਨੂੰਨ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ਵਿਵਸਥਾ ਨੂੰ ਖਤਮ ਕਰ ਦੇਣਗੇ। ਸਰਕਾਰ ਵੱਲੋਂ ਅਗਵਾਈ ਕਰ ਰਹੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਗਲੀ ਬੈਠਕ 3 ਦਸੰਬਰ ਨੂੰ ਫਿਰ ਤੋਂ ਸ਼ੁਰੂ ਹੋਵੇਗੀ। BKU ਡਕੌਂਦਾ ਬਠਿੰਡਾ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਬੇਹਤਰ ਚਰਚਾ ਲਈ ਇੱਕ ਛੋਟੀ ਕਮੇਟੀ ਬਣਾਉਣ ਲਈ ਕਿਹਾ ਪਰ ਅਸੀਂ ਪ੍ਰਸਤਾਵ ਨੂੰ ਠੁਕਰਾ ਦਿੱਤਾ।