PGI successfully launches : PGI ਚੰਡੀਗੜ੍ਹ ‘ਚ ਆਕਸਫੋਰਡ ਦੀ ਕੋਵਿਡਸ਼ੀਲਡ ਵੈਕਸੀਨ ਦੇ ਮਨੁੱਖੀ ਪ੍ਰੀਖਣ ਦਾ ਪਹਿਲਾ ਫੇਜ਼ ਸਫਲ ਰਿਹਾ ਹੈ। ਪ੍ਰੀਖਣ ‘ਚ 25 ਸਤੰਬਰ ਨੂੰ ਤਿੰਨ ਸਵੈ-ਸੇਵਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਵੀਰਵਾਰ ਨੂੰ ਉਨ੍ਹਾਂ ਸਵੈ-ਸੇਵਕਾਂ ਦੇ ਖੂਨ ਦੇ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਉਨ੍ਹਾਂ ਨੂੰ ਸ਼ਨੀਵਾਰ ਨੂੰ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਜਾਵੇਗੀ।
ਪੀ. ਜੀ. ਆਈ. ਦੇ ਨਿਦੇਸ਼ਕ ਪ੍ਰੋ. ਜਗਤਰਾਮ ਨੇ ਦੱਸਿਆ ਕਿ ਮਨੁੱਖੀ ਪ੍ਰੀਖਣ ਦੇ ਪਹਿਲੇ ਫੇਜ਼ ਦੀ ਸਫਲਤਾ ਨਾਲ ਟੀਮ ਕਾਫੀ ਖੁਸ਼ ਹੈ। ਸ਼ਨੀਵਾਰ ਨੂੰ ਪ੍ਰੀਖਣ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਸਵੈ-ਸੇਵਕਾਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਜਾਵੇਗੀ। ਇਸ ਤੋਂ ਬਾਅਦ ਤੈਅ ਸਮਾਂ ਸੀਮਾ ਤੱਕ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਜਾਵੇਗਾ। ਠੀਕ ਇਸੇ ਤਰ੍ਹਾਂ ਦੀ ਪ੍ਰਕਿਰਿਆ ਵੈਕਸੀਨ ਦੀ ਪਹਿਲੀ ਖੁਰਾਕ ਲੈ ਚੁੱਕੇ ਹੋਰ ਸਵੈ-ਸੇਵਕਾਂ ‘ਤੇ ਵੀ ਅਪਣਾਈ ਜਾਵੇਗੀ। ਉਨ੍ਹਾਂ ਦਾ ਵੀ 27ਵੇਂ ਦਿਨ ਖੂਨ ਜਾਂਚ ਕਰਕੇ ਰਿਪੋਰਟ ਦੇ ਆਧਾਰ ‘ਤੇ 28ਵੇਂ ਦਿਨ ਦੂਜੀ ਖੁਰਾਕ ਦਿੱਤੀ ਜਾਵੇਗੀ।
ਪੀ. ਜੀ. ਆਈ. ‘ਚ 25 ਸਤੰਬਰ ਤੋਂ ਸ਼ੁਰੂ ਪ੍ਰੀਖਣ ‘ਚ ਹੁਣ ਤੱਕ 100 ਤੋਂ ਵੱਧ ਸਵੈ-ਸੇਵਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਉਥੇ ਹੋਰ ਸਵੈ-ਸਵੇਕਾਂ ਦੀ ਸਕਰੀਨਿੰਗ ਦਾ ਕੰਮ ਜਾਰੀ ਹੈ। ਉਨ੍ਹਾਂ ਦੀ ਗਿਣਤੀ 150 ਤੋਂ ਵੀ ਵੱਧ ਹੈ। ਕੋਰੋਨਾ ਨੂੰ ਮਾਤ ਦੇਣ ਲਈ ਵਿਸ਼ਵ ਭਰ ‘ਚ ਇਸ ਵੈਕਸੀਨ ਦਾ ਮਨੁੱਖੀ ਪ੍ਰੀਖਣ ਚੱਲ ਰਿਹਾ ਹੈ। ਚੰਡੀਗੜ੍ਹ ਪੀ. ਜੀ. ਆਈ. ‘ਚ ਹੁਣ ਤੱਕ 500 ਤੋਂ ਵਧ ਸਵੈ-ਸੇਵਾਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਰਜਿਸਟ੍ਰੇਸ਼ਨ ਅਜੇ ਵੀ ਕੀਤੀ ਜਾ ਰਹੀ ਹੈ।