Punjab and Haryana : ਚੰਡੀਗੜ੍ਹ : ਯੂ. ਟੀ ਪ੍ਰਸ਼ਾਸਨ ਵੱਲੋਂ ਪਟਾਕਿਆਂ ‘ਤੇ ਪਾਬੰਦੀ ਦਾ ਫੈਸਲਾ ਲਿਆ ਗਿਆ ਹੈ ਜਿਸ ਕਾਰਨ ਵਪਾਰੀ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਨੇ ਲੀਗਲ ਰਾਏ ਲੈਣ ਲਈ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਇਸ ਫੈਸਲੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ ਜਿਸ ‘ਤੇ ਅੱਜ ਸੁਣਵਾਈ ਹੋਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਵਪਾਰੀਆਂ ਦੁਆਰਾ ਪਟਾਕਿਆਂ ‘ਤੇ ਰੋਕ ਲਗਾਉਣ ਦੀ ਮੰਗ ਦੀ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਹੁਕਮ ਦਿੱਤਾ ਹੈ ਕਿ ਪਟਾਕਾ ਵਪਾਰੀ ਪ੍ਰਸ਼ਾਸਨ ਕੋਲ ਆਪਣੀ ਮੰਗ ਰੱਖੇ ਅਤੇ ਪ੍ਰਸ਼ਾਸਨ ਉਸ ‘ਤੇ ਐੱਨ. ਜੀ. ਟੀ. ਦੇ ਫੈਸਲੇ ਮੁਤਾਬਕ ਕਿਸੇ ਨਤੀਜੇ ‘ਤੇ ਪਹੁੰਚੇ। ਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵਪਾਰੀ ਨੂੰ ਨੁਕਸਾਨ ਹੋਇਆ ਹੈ ਤਾਂ ਉਹ ਮੁਆਵਜ਼ੇ ਲਈ ਸਿਵਲ ਕੋਰਟ ‘ਚ ਕੇਸ ਦਾਇਰ ਕਰ ਸਕਦਾ ਹੈ।
ਵਪਾਰੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਤਾਨਾਸ਼ਾਹੀ ਰਵੱਈਆ ਅਪਨਾ ਰਿਹਾ ਹੈ। ਚੰਡੀਗੜ੍ਹ ‘ਚ ਪ੍ਰਦੂਸ਼ਣ ਦਾ ਪੱਦਰ 150 ਤੋਂ ਵੀ ਘੱਟ ਹੈ ਜਦੋਂ ਕਿ ਨਾਲ ਲੱਗਦੇ ਪੰਚਕੂਲਾ ਇਸ ਤੋਂ ਲਗਭਗ ਦੁੱਗਣਾ 250 ਤੱਕ ਹੈ ਪਰ ਇਸ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਪਾਬੰਦੀ ਨਹੀਂ ਲਗਾਈ ਹੈ। ਦੋ ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਦੋ ਦਿਨਾਂ ਦੇ ਤਿਓਹਾਰ ਦਾ ਇੰਤਜ਼ਾਰ ਆਮ ਲੋਕਾਂ ਦੀ ਤਰ੍ਹਾਂ ਵਪਾਰੀ ਵੀ ਕਰਦੇ ਹਨ ਪਰ ਪ੍ਰਸ਼ਾਸਨ ਉਨ੍ਹਾਂ ਨੂੰ ਬਰਬਾਦ ਕਰਨ ‘ਤੇ ਤੁਲਿਆ ਹੋਇਆ ਹੈ। ਜਿਸ ਕਰਕੇ ਵਪਾਰੀਆਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਪਟਾਕੇ ਖਰੀਦਣ ਲਈ ਐਡਵਾਂਸ ‘ਚ 50 ਫੀਸਦੀ ਕੀਮਤ ਵੀ ਉਨ੍ਹਾਂ ਨੇ ਦੇ ਦਿੱਤੀ ਹੈ। ਪ੍ਰਸ਼ਾਸਨ ਦੇ ਅਧਿਕਾਰੀ ਤਾਨਾਸ਼ਾਹੀ ਰਵੱਈਆ ਅਪਨਾ ਕੇ ਪੰਚਕੂਲਾ ਤੇ ਮੋਹਾਲੀ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਨ। ਇਸ ਨਾਲ ਪਟਾਕੇ ਵਿਕ੍ਰੇਤਾਵਾਂ ਨੂੰ ਲੱਖਾਂ ਦਾ ਨੁਕਸਾਨ ਹੋਵੇਗਾ ਤੇ ਉਹ ਕਰਜ਼ਦਾਰ ਹੋ ਜਾਣਗੇ।
ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਮੰਡੀ ਗੋਬਿੰਦਗੜ੍ਹ ਨੂੰ ਛੱਡ ਕੇ, ਸੂਬੇ ਭਰ ਵਿੱਚ ਦੀਵਾਲੀ, ਗੁਰਪੁਰਬ ਅਤੇ ਕ੍ਰਿਸਮਿਸ ਮੌਕੇ ਹਰੇ ਪਟਾਕੇ ਚਲਾਉਣ ਲਈ 2 ਘੰਟੇ ਦੀ ਮਨਜ਼ੂਰੀ ਦਿੱਤੀ ਹੈ। ਜਦ ਕਿ ਮੰਡੀ ਗੋਬਿੰਦਗੜ੍ਹ ਵਿਖੇ 9 ਦੀ ਅੱਧੀ ਰਾਤ ਤੋਂ 10 ਨਵੰਬਰ ਅਤੇ 20 ਦਸੰਬਰ ਦੀ ਅੱਧੀ ਰਾਤ ਤੱਕ ਪਟਾਕੇ ਚਲਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਉਥੇ ਏਅਰ ਕੁਆਲਟੀ ਦਾ ਪੱਧਰ ਕਾਫੀ ਹੇਠਾਂ ਹੈ। ਇਨ੍ਹਾਂ ਆਦੇਸ਼ਾਂ ਮੁਤਾਬਕ ਸਿਰਫ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ, ਜੋ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ ਅਤੇ ਨਾਲ ਹੀ ਵੱਖੋ ਵੱਖਰੇ ਨਿਆਂਇਕ ਆਦੇਸ਼ਾਂ ਨੂੰ ਪਾਸ ਕਰ ਦਿੱਤਾ ਗਿਆ ਹੈ।