Punjab farmers continue : ਮੋਹਾਲੀ : ਖੇਤੀ ਕਾਨੂੰਨ ਖਿਲਾਫ ਜਾਰੀ ਕਿਸਾਨਾਂ ਦੇ ਅੰਦੋਲਨ ਨੂੰ ਕਾਫੀ ਸਮਰਥਨ ਮਿਲ ਰਿਹਾ ਹੈ। ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਹਰਿਆਣਾ, ਯੂ. ਪੀ. ਸਮੇਤ ਹੋਰ ਰਾਜਾਂ ‘ਚ ਫੈਲ ਚੁੱਕਾ ਹੈ। ਹਰਿਆਣਾ ਦੀਆਂ ਕਈ ਖਾਪ ਪੰਚਾਇਤਾਂ ਵੀ ਆਪਣਾ ਸਮਰਥਨ ਕਿਸਾਨਾਂ ਨੂੰ ਦੇ ਰਹੀਆਂ ਹਨ ਤੇ ਪੰਜਾਬ ‘ਚ ਹੁਣੇ ਜਿਹੇ ਇੱਕ ਪੂਰਾ ਪਿੰਡ ਇਸ ਸਮੇਂ ਸੜਕ ‘ਤੇ ਅੰਦੋਲਨ ਲਈ ਉਤਰ ਗਿਆ ਹੈ। ਪੰਜਾਬ ਦੇ ਮੋਹਾਲੀ ਰਾਏਪੁਰ ਖੁਰਦ ਪਿੰਡ ਦੀ ਆਬਾਦੀ ਲਗਭਗ 8000 ਹੈ ਪਰ ਇਨ੍ਹੀਂ ਦਿਨੀਂ ਪੂਰੇ ਪਿੰਡ ‘ਚ ਸੰਨਾਟਾ ਪਸਰਿਆ ਹੈ। ਘਰਾਂ ‘ਚ ਤਾਲੇ ਲੱਗੇ ਹਨ ਕਿਉਂਕਿ ਇਥੋਂ ਦੇ ਜ਼ਿਆਦਾਤਰ ਕਿਸਾਨ ਦਿੱਲੀ ‘ਚ ਅੰਦੋਲਨ ਕਰ ਰਹੇ ਹਨ।
ਪਿੰਡ ਦੇ ਕਿਸਾਨਾਂ ਦੇ ਦਿੱਲੀ ਚਲੇ ਜਾਣ ਕਾਰਨ ਫਸਲਾਂ ਸੁੱਕ ਰਹੀਆਂ ਹਨ ਕਿਉਂਕਿ ਕੋਈ ਕਣਕ ਦੀ ਫਸਲ ‘ਚ ਪਾਣੀ ਚਲਾਉਣ ਵਾਲਾ ਨਹੀਂ ਹੈ। ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂ ਦੇ ਖੂਨ ਪਸੀਨ ਦੀ ਕਮਾਈ ਨਾ ਸੁੱਕੇ ਇਸ ਲਈ ਉਹ ਅੰਦੋਲਨ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਫਸਲ ਪੈਦਾ ਕਰਨ ਨਾਲ ਕੋਈ ਫਾਇਦਾ ਨਹੀਂ ਹੋਵੇਗਾ ਤਾਂ ਇਥੇ ਰੁਕਣ ਦਾ ਕੀ ਫਾਇਦਾ। ਪੰਜਾਬ ਤੋਂ ਵੱਡੀ ਗਿਣਤੀ ‘ਚ ਲੋਕ ਆਪਣੇ ਟਰੈਕਟਰ, ਟਰਾਲੀ ਲੈ ਕੇ ਦਿੱਲੀ ਵੱਲ ਆਏ ਹਨ, ਹੁਣ ਵੀ ਹਜ਼ਾਰਾਂ ਕਿਸਾਨ ਪੰਜਾਬ, ਹਰਿਆਣਾ ਬਾਰਡਰ ‘ਤੇ ਹਨ। ਵੱਡੀ ਗਿਣਤੀ ‘ਚ ਕਿਸਾਨ ਦਿੱਲੀ-ਹਰਿਆਣਾ ਬਾਰਡਰ ‘ਤੇ ਡਟੇ ਹੋਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਲੰਬੀ ਲੜਾਈ ਲਈ ਇਥੇ ਆਏ ਹਨ ਤੇ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ, ਉਦੋਂ ਤਕ ਉਹ ਵਾਪਸ ਨਹੀਂ ਜਾਣਗੇ। ਕਿਸਾਨ ਆਪਣੇ ਨਾਲ 3-4 ਮਹੀਨੇ ਦਾ ਰਾਸ਼ਨ ਲੈ ਕੇ ਆਏ ਹਨ। ਰਹਿਣ ਲਈ ਕੰਬਲ, ਛੌਂਪੜੀ ਤੇ ਹੋਰ ਸਾਮਾਨ ਵੀ ਲੈ ਕੇ ਪੁੱਜੇ ਹਨ। ਹਰਿਆਣਾ ਦੇ ਜੀਂਦ ਜਿਲ੍ਹੇ ‘ਚ 40 ਖਾਪਾਂ ਦੀ ਮਹਾਪੰਚਾਇਤ ਹੋਈ। ਇਸ ਮਹਾਪੰਚਾਇਤ ‘ਚ ਕਈ ਅਹਿਮ ਫੈਸਲੇ ਕੀਤੇ ਗਏ। ਮਹਾਪੰਚਾਇਤ ‘ਚ ਖਾਪਾਂ ਨੇ ਫੈਸਲਾ ਲਿਆ ਕਿ ਉਹ ਹਰਿਆਣਾ ਸਰਕਾਰ ਨੂੰ ਡਿਗਾਉਣ ਲਈ ਮੁਹਿੰਮ ਦੀ ਸ਼ੁਰੂਆਤ ਕਰੇਗੀ। ਬੀਜੇਪੀ ਦੀ ਸਰਕਾਰ ਕੋਲ ਹਰਿਆਣਾ ‘ਚ ਪੂਰਨ ਬਹੁਮਤ ਨਹੀਂ ਹੈ। ਜੇ. ਜੇ. ਪੀ. ਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਨ ਨਾਲ ਹਰਿਆਣਾ ਦੀ ਖੱਟਰ ਸਰਕਾਰ ਚੱਲ ਰਹੀ ਹੈ। ਖਾਪ ਨੇਤਾਵਾਂ ਨੇ ਐਲਾਨ ਕੀਤਾ ਕਿ ਜਿਹੜੇ ਵਿਧਾਇਕਾਂ ਨੇ ਸਰਕਾਰ ਨੂੰ ਸਮਰਥਨ ਦਿੱਤਾ ਹੈ ਉਨ੍ਹਾਂ ‘ਤੇ ਸਮਰਥਨ ਵਾਪਸ ਲੈਣ ਲਈ ਦਬਾਅ ਬਣਾਇਆ ਜਾਵੇਗਾ। ਹਰ ਇੱਕ ਖਾਪ ਇਨ੍ਹਾਂ ਵਿਧਾਇਕਾਂ ਨਾਲ ਜਾ ਕੇ ਮੁਲਾਕਾਤ ਕਰੇਗਾ। ਪਹਿਲਾਂ ਸ਼ਾਂਤੀ ਨਾਲ ਵਿਧਾਇਕਾਂ ਨੂੰ ਅਪੀਲ ਕੀਤੀ ਜਾਵੇਗੀ ਤੇ ਜੇਕਰ ਉਹ ਨਾ ਮੰਨੇ ਤਾਂ ਉਨ੍ਹਾਂ ਦੀ ਪਿੰਡਾਂ ‘ਚ ਐਂਟਰੀ ਬੈਨ ਕਰ ਦਿੱਤੀ ਜਾਵੇਗੀ।
ਪੰਜਾਬ ਤੋਂ ਕਿਸਾਨ ਵੱਡੀ ਗਿਣਤੀ ‘ਚ ਦਿੱਲੀ ਤੇ ਹਰਿਆਣਾ ਵੱਲ ਕੂਚ ਕਰ ਰਹੇ ਹਨ। ਲਗਭਗ 30 ਤੋਂ ਵੱਧ ਸੰਗਠਨ ਸਿਰਫ ਪੰਜਾਬ ਤੋਂ ਹੀ ਅੰਦੋਲਨ ‘ਚ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਦੀ ਫਿਲਮ ਇੰਡਸਟਰੀ, ਮਿਊਜ਼ਿਕ ਇੰਡਸਟਰੀ ਕਿਸਾਨਾਂ ਦੇ ਸਮਰਥਨ ‘ਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਸੜਕ ਤੱਕ ਪੰਜਾਬ ਦੇ ਕਿਸਾਨਾਂ ਦਾ ਹੱਲਾ ਬੋਲ ਜਾਰੀ ਹੈ ਜਿਨ੍ਹਾਂ ਨੂੰ ਹੁਣ ਯੂ. ਪੀ. ਦਿੱਲੀ ਤੇ ਹਰਿਆਣਾ ਦੇ ਲੋਕਾਂ ਦਾ ਵੀ ਸਮਰਥਨ ਮਿਲ ਰਿਹਾ ਹੈ।