Punjab Government extends : ਜਲੰਧਰ : ਪੰਜਾਬ ਸਰਕਾਰ ਨੇ ਸਾਲ 2013-14 ਦੀ ਵੈਟ ਅਸੈਸਮੈਂਟ ਦੀ ਤਰੀਖ ਨੂੰ ਅੱਗੇ ਵਧਾ ਕੇ ਕਾਰੋਬਾਰੀਆਂ ਨੂੰ ਰਾਹਤ ਦਿੱਤੀ ਹੈ। ਹੁਣ ਕਾਰੋਬਾਰੀਆਂ ਨੂੰ ਅਸੈਸਮੈਂਟ ਲਈ 15 ਦਸੰਬਰ ਤੱਕ ਦਾ ਸਮਾਂ ਮਿਲ ਗਿਆ ਹੈ। ਕਾਰੋਬਾਰੀ ਸਰਕਾਰ ਤੋਂ ਜਲਦ ਤੋਂ ਜਲਦ ਵਨ ਟਾਈਮ ਸੈਟਲਮੈਂਟ ਸਕੀਮ ਲਿਆਉਣ ਦੀ ਗੱਲ ਕਰ ਰਹੇ ਹਨ। ਸਰਕਾਰ ਨੇ ਹੁਣ ਤੱਕ ਅਸੈਸਮੈਂਟ ਕੇਸਾਂ ਦੇ ਨਿਪਟਾਰੇ ਲਈ ਸਕੀਮ ਜਾਰੀ ਨਹੀਂ ਕੀਤੀ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਬੰਧੀ ਐਲਾਨ ਕੀਤਾ ਸੀ। ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੀ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਸੀ।
ਵੈਟ ਮਾਮਲਿਆਂ ‘ਚ ਅਸੈਸਮੈਂਟ ਕਰਵਾਉਣ ਲਈ 15 ਦਿਨ ਪਹਿਲਾਂ ਵਿਭਾਗ ਨੇ ਕਾਰੋਬਾਰੀਆਂ ਨੂੰ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਸਨ। ਵਿਭਾਗ ਨੇ ਅਧਿਕਾਰੀਆਂ ਤੋਂ 20 ਨਵੰਬਰ ਤੱਕ ਅਸੈਸਮੈਂਟ ਕਰਵਾਉਣ ਦੀ ਗੱਲ ਕਹੀ ਸੀ। ਆਬਕਾਰੀ ਤੇ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਕਾਰੋਬਾਰੀਆਂ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਜੇਕਰ ਸਕੀਮ ਨਹੀਂ ਆਉਂਦੀ ਤਾਂ ਉਨ੍ਹਾਂ ਨੂੰ ਕੇਸਾਂ ਦੀ ਅਸੈਸਮੈਂਟ ਕਰਵਾਉਣੀ ਪਵੇਗੀ। ਕਾਰੋਬਾਰੀਆਂ ਨੇ ਵਿਧਾਇਕ ਰਾਜਿੰਦਰ ਬੇਰੀ ਦੇ ਸਾਹਮਣੇ ਸਮੱਸਿਆ ਰੱਖ ਕੇ ਜਲਦ ਹੀ ਹੱਲ ਕੱਢਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਖੁਦ ਜਲੰਧਰ ਆ ਕੇ ਉਨ੍ਹਾਂ ਨੂੰ ਜਲਦੀ ਹੀ ਵਨ ਟਾਈਮ ਸੈਟਲਮੈਂਟ ਸਕੀਮ ਦਾ ਐਲਾਨ ਕਰਨ ਦਾ ਭਰੋਸਾ ਦਿੱਤਾ ਸੀ।
ਵਪਾਰ ਸੈਨਾ ਪੰਜਾਬ ਦੇ ਪ੍ਰਧਾਨ ਰਵਿੰਦਰ ਧੀਰ ਤੇ ਜਨਰਲ ਸਕੱਤਰ ਵਿਪਨ ਪ੍ਰਿੰਜਾ ਨੇ ਕਿਹਾ ਕਿ ਸਰਕਾਰ ਨੇ ਅਸੈਸਮੈਂਟ ਦੀ ਤਰੀਖ ਨੂੰ ਅੱਗੇ ਵਧਾ ਦਿੱਤਾ ਹੈ। ਪਹਿਲਾਂ ਅਸੈਸਮੈਂਟ ਕਰਵਾਉਣ ਦੀ ਤਰੀਕ 20 ਨਵੰਬਰ ਸੀ। ਕੈਪਟਨ ਸਰਕਾਰ ਵਨ ਟਾਈਮ ਸੈਟਲਮੈਂਟ ਸਕੀਮ ਲਿਆਉਣ ਦਾ ਐਲਾਨ ਕਰ ਚੁੱਕੀ ਹੈ। ਸਰਕਾਰ ਨੂੰ ਸਕੀਮ ਨੂੰ ਜਲਦੀ ਜਾਰੀ ਕਰਕੇ ਕਾਰੋਬਾਰੀਆਂ ਨੂੰ ਰਾਹਦ ਦੇਣੀ ਚਾਹੀਦੀ ਹੈ। ਦੂਜੇ ਸੂਬਿਆਂ ਤੋਂ ਸੀ-ਫਾਰਮ ਮਿਲਣ ਦੀ ਵਜ੍ਹਾ ਕਰਕੇ ਕੇਸਾਂ ਦੀ ਅਸੈਸਮੈਂਟ ਕਰਨਾ ਮੁਸ਼ਕਲ ਹੈ। ਇਸ ਤਰ੍ਹਾਂ ਸੂਬਾ ਸਰਕਾਰ ਵੱਲੋਂ ਵਪਾਰੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਹੈ ਤੇ ਵੈਟ ਅਸੈਸਮੈਂਟ ਦਾ ਸਮਾਂ ਵਧਾ ਕੇ 15 ਦਸੰਬਰ ਤੱਕ ਕਰ ਦਿੱਤਾ ਗਿਆ ਹੈ।