Technical education department : ਚੰਡੀਗੜ੍ਹ : ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਲਹਿਰਾਗਾਗਾ ਵਿਖੇ ਸਥਿਤ ਫਾਰਮੇਸੀ ਕਾਲਜਾਂ ਵਿੱਚ ਵਿਦਿਆਰਥੀਆਂ ਤੋਂ ਪੈਸੇ ਲੈ ਕੇ ਨਕਲ ਕਰਵਾਉਣ ਦੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾਉਣ ਤੋਂ ਬਾਅਦ ਸਮੂਹਿਕ ਨਕਲ ਦਾ ਇਹ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਤਕਨੀਕੀ ਸਿੱਖਿਆ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਮਾਮਲੇ ਵਿਚ ਸ਼ਾਮਿਲ ਸੰਸਥਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਨੇ ਦੱਸਿਆ ਕਿ ਇਹ ਮਾਮਲਾ ਸਾਹਮਣੇ ਆਉਣ ‘ਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਕੱਤਰ, ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਤੋਂ ਪੜਤਾਲ ਰਿਪੋਰਟ ਮੰਗੀ ਗਈ ਸੀ ਅਤੇ ਇਨ੍ਹਾਂ ਕਾਲਜਾਂ ਦੇ ਪੇਪਰ ਚੈਕ ਹੋਣ ਵਾਸਤੇ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ), ਪਟਿਆਲਾ ‘ਚ ਭੇਜੇ ਗਏ ਸਨ। ਇਸ ਲਈ ਇਸ ਸਬੰਧੀ ਪ੍ਰਿੰਸੀਪਲ ਸਰਕਾਰੀ ਬਹੁਤਕਨੀਕੀ ਕਾਲਜ (ਲ) ਪਟਿਆਲਾ ਤੋਂ ਵੀ ਰਿਪੋਰਟ ਮੰਗੀ ਗਈ ਸੀ।ਜਿਸ ਵਿਚ ਪਾਇਆ ਗਿਆ ਕਿ ਵਿਦਿਆਰਥੀਆਂ ਵਲੋਂ ਦਿੱਤੀ ਗਈ ਆਫ਼-ਲਾਈਨ ਪ੍ਰੀਖਿਆ ਵਿਚ ਉਨ੍ਹਾਂ ਦੀਆਂ ਉੱਤਰ-ਕਾਪੀਆਂ ਚੈਕ ਕਰਨ ‘ਤੇ ਪਾਇਆ ਗਿਆ ਹੈ ਕਿ ਸਾਰੇ ਵਿਦਿਆਰਥੀਆਂ ਦੀ ਉੱਤਰ ਕਾਪੀ ਅੱਖਰ ਨਾਲ ਅੱਖਰ ਆਪਸ ਵਿਚ ਮਿਲਦੀ ਹੈ।ਆਨਲਾਈਨ ਹੱਲ ਕੀਤੇ ਪੇਪਰਾਂ ‘ਚ ਵੀ ਕਈ ਪੇਪਰ ਲਗਭੱਗ ਮਿਲਦੇ ਹਨ। ਸਾਰੇ ਵਿਆਰਥੀਆਂ ਨੇ ਇਕੋ ਜਿਹੇ ਪ੍ਰਸ਼ਨ ਹਲ ਕਰਨ ਲਈ ਚੁਣਾਵ ਕੀਤਾ ਹੈ। ਸਾਰੇ ਵਿਦਿਆਰਥੀਆਂ ਨੇ ਇਕੋ ਜਿਹੇ ਉੱਤਰ ਹਲ ਕੀਤੇ ਹਨ।
ਸ਼੍ਰੀ ਅਨੁਰਾਗ ਵਰਮਾ ਨੇ ਦੱਸਿਆ ਕਿ ਸਕੱਤਰ, ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਅਤੇ ਪ੍ਰਿੰਸੀਪਲ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ), ਪਟਿਆਲਾ ਵੱਲੋਂ ਪ੍ਰਾਪਤ ਰਿਪੋਰਟਾਂ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ 7 ਕਾਲਜਾਂ ਵਿਨਾਇਕਾ ਕਾਲਜ ਆਫ਼ ਫਾਰਮੇਸੀ ਲਹਿਰਾਗਾਗਾ, ਆਰੀਆ ਭੱਟ ਕਾਲਜ ਆਫ਼ ਫਾਰਮੇਸੀ ਸੰਗਰੂਰ, ਮਾਡਰਨ ਕਾਲਜ ਆਫ਼ ਫਾਰਮੇਸੀ ਸੰਗਰੂਰ, ਵਿਦਿਆ ਸਾਗਰ ਪੈਰਾਮੈਡੀਕਲ ਕਾਲਜ ਲਹਿਰਾਗਾਗਾ, ਮਹਾਰਾਜਾ ਅਗਰਸੈਨ ਇੰਸ: ਆਫ਼ ਫਾਰਮੇਸੀ ਲਹਿਰਾਗਾਗਾ, ਲਾਰਡ ਕ੍ਰਿਸ਼ਨਾ ਕਾਲਜ ਆਫ਼ ਫਾਰਮੇਸੀ ਲਹਿਰਾਗਾਗਾ ਅਤੇ ਕ੍ਰਿਸ਼ਨਾ ਕਾਲਜ ਆਫ਼ ਫਾਰਮੇਸੀ, ਲਹਿਰਾਗਾਗਾ ਵਿੱਚ ਸਤੰਬਰ/ਅਕਤੂਬਰ 2020 ਵਿੱਚ ਹੋਈਆਂ ਪ੍ਰੀਖਿਆਵਾਂ ਦੌਰਾਨ ਸਮੂਹਿਕ ਨਕਲ ਹੋਈ ਹੋਈ ਹੈ।ਇਸ ਮਾਮਲੇ ਵਿਚ ਫਲਾਇੰਗ ਸੁਕੈਡ ਦੇ ਇੰਚਾਰਜਾਂ ਨਵਨੀਤ ਵਾਲੀਆ ਪ੍ਰਿੰਸੀਪਲ ਸਰਕਾਰੀ ਬਹੁ-ਤਕਨੀਕੀ ਕਾਲਜ਼ ਬਰੇਟਾ ਅਤੇ ਅਨਿਲ ਕੁਮਾਰ ਸੈਕਸ਼ਨ ਅਫਸਰ ਨੂੰ ਵੀ ਚਾਰਜਸ਼ੀਟ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸੰਸਥਾਵਾਂ ਨੇ ਰਾਜ ਵਿੱਚ ਦਿੱਤੀ ਜਾ ਰਹੀ ਤਕਨੀਕੀ ਸਿੱਖਿਆ ਦੇ ਅਕਸ ਨੂੰ ਭਾਰੀ ਢਾਅ ਲਾਈ ਹੈ। ਇਨ੍ਹਾਂ ਸੰਸਥਾਵਾਂ ਦੀ ਮਾਨਤਾ ਰੱਦ ਕਰਨ ਵਾਸਤੇ ਇੱਕ ਹਫਤੇ ਦੇ ਅੰਦਰ-ਅੰਦਰ ਸ਼ੋ ਕਾਜ ਨੋਟਿਸ ਜਾਰੀ ਕੀਤੇ ਜਾਣ ਲਈ ਤਕਨੀਕੀ ਸਿੱਖਿਆ ਬੋਰਡ ਨੂੰ ਨਿਰਦੇਸ਼ ਦਿੱਤੇ ਗਏ ਹਨ। ਸ਼੍ਰੀ ਅਨੁਰਾਗ ਵਰਮਾ ਨੇ ਦੱਸਿਆ ਕਿ ਬੋਰਡ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਇੰਨਾਂ ਸੰਸਥਾਵਾਂ ਵਿੱਚ ਮਹੀਨਾ ਸਤੰਬਰ ਅਕਤੂਬਰ 2020 ਵਿੱਚ ਹੋਈਆਂ ਪ੍ਰੀਖਿਆਵਾਂ ਨੂੰ ਕੈਂਸਲ ਕਰਦੇ ਹੋਏ ਇਨ੍ਹਾਂ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਦੁਬਾਰਾ ਪ੍ਰੀਖਿਆ ਲਈ ਜਾਵੇ। ਹੁਣ ਜੋ ਪ੍ਰੀਖਿਆ ਲਈ ਜਾਵੇਗੀ ਉਸਦੇ ਸੈਂਟਰ ਕੇਵਲ ਸਰਕਾਰੀ ਇੰਜਨੀਅਰਿੰਗ ਕਾਲਜ ਪਾਲੀਟੈਕਨਿਕ ਆਈ.ਟੀ.ਆਈ ਸੰਸਥਾਵਾਂ ਵਿੱਚ ਹੀ ਬਣਾਏ ਜਾਣ ਅਤੇ ਉਥੇ ਇਨਵੀਜੀਲੇਸ਼ਨ ਸਟਾਫ ਵੀ ਕੇਵਲ ਸਰਕਾਰੀ ਸੰਸਥਾਵਾਂ ਦਾ ਹੀ ਲਗਾਇਆ ਜਾਵੇ। ਇਹ ਪ੍ਰੀਖਿਆਵਾਂ ਸੀ.ਸੀ.ਟੀ.ਵੀ ਦੀ ਨਿਗਰਾਨੀ ਹੇਠ ਕਰਵਾਈ ਜਾਵੇ ਅਤੇ ਇਸ ਦੀ ਰਿਕਾਰਡਿੰਗ ਤੁਰੰਤ ਪ੍ਰਾਪਤ ਕਰਕੇ ਰਿਕਾਰਡ ਵਿੱਚ ਰੱਖੀ ਜਾਵੇ।