The Chief Minister : ਜਲੰਧਰ : ਹੁਣ ਤੋਂ ਕੁਝ ਹੀ ਘੰਟਿਆਂ ਬਾਅਦ ਜਲੰਧਰ ਲਈ ਬਹੁਤ ਹੀ ਮਹੱਤਵਪੂਰਨ ਚਾਰ ਵੱਡੇ ਪ੍ਰਾਜੈਕਟਾਂ ‘ਤੇ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਲਗਭਗ 660 ਕਰੋੜ ਰੁਪਏ ਦੇ ਇਨ੍ਹਾਂ ਚਾਰ ਪ੍ਰਜੈਕਟਾਂ ਦਾ ਵਰਚੂਅਲ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਵੇਗਾ। ਇਸ ਦਾ ਲਾਈਵ ਟੈਲੀਕਾਸਟ ਸ਼ਹਿਰ ‘ਚ 96 ਲੋਕੇਸ਼ਨ ‘ਤੇ ਕੀਤਾ ਜਾਵੇਗਾ। ਸ਼ਹਿਰ ਦੇ 80 ਵਾਰਡ ‘ਚ ਸਰਕਾਰੀ ਸਕੂਲ ਦੀ ਸਮਾਰਟ ਕਲਾਸਿਸ ‘ਚ ਇਸ ਦਾ ਪ੍ਰਸਾਰਣ ਹੋਵੇਗਾ ਤੇ ਇਸ ਤੋਂ ਇਲਾਵਾ ਜਨਤਕ ਤੌਰ ‘ਤੇ 16 ਸਕ੍ਰੀਨ ਲਗਾ ਕੇ ਵਰਚੂਅਲ ਉਦਘਾਟਨ ਦਾ ਲਾਈਵ ਟੈਲੀਕਾਸਟ ਹੋਵੇਗਾ।
ਕੰਪਨੀ ਬਾਗ ਚੌਕ ਸਮੇਤ 16 ਥਾਵਾਂ ‘ਤੇ ਸਕ੍ਰੀਨ ਲਗਾਉਣ ਅਤੇ ਵਰਕਰਾਂ ਦੇ ਬੈਠਣ ਲਈ ਇੰਤਜ਼ਾਮ ਕੀਤਾ ਗਿਆ ਹੈ। ਇਨ੍ਹਾਂ ਥਾਵਾਂ ‘ਤੇ ਨਗਰ ਨਿਗਮ ਦੇ ਅਧਿਕਾਰੀ, ਕੌਂਸਲਰ ਤੇ ਕਾਂਗਰਸ ਨੇਤਾ ਮੌਜੂਦ ਹੋਣਗੇ। 660 ਕਰੋੜ ਰੁਪਏ ਦੇ ਪ੍ਰਾਜੈਕਟ ਦਾ 11.30 ਵਜੇ ਉਦਘਾਟਨ ਕੀਤਾ ਜਾਵੇਗਾ। ਇਸ ਦੌਰਾਨ ਮੇਅਰ ਜਗਦੀਸ਼ ਰਾਜ ਰਾਜਾ ਤਹਿਸੀਲ ਕੰਪਲੈਕਸ ਵੀਡੀਓ ਕਾਨਫਰੰਸਿੰਗ ਰੂਮ ‘ਚ ਮੁੱਖ ਮੰਤਰੀ ਨਾਲ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਚਰਚਾ ਕਰਨਗੇ। ਸ਼ਹਿਰ ਦੇ ਚਾਰੋਂ ਵਿਧਾਇਕ ਆਪਣੇ-ਆਪਣੇ ਵਿਧਾਨ ਸਭਾ ਹਲਕੇ ‘ਚ ਜਨਤਕ ਤੌਰ ‘ਤੇ ਲਗਾਈ ਜਾਣ ਵਾਲੀ ਸਕ੍ਰੀਨ ‘ਤੇ ਮੁੱਖ ਮੰਤਰੀ ਨਾਲ ਰੂ-ਬ-ਰੂ ਹੋਣਗੇ।
ਸਰਫੇਸ ਵਾਟਰ ਪ੍ਰਾਜੈਕਟ ਤਹਿਤ 525 ਕਰੋੜ ਰੁਪਏ ਤੋਂ ਵਾਟਰ ਟ੍ਰੀਟਮੈਂਟ ਪਲਾਂਟ ਅਤੇ ਵਾਟਰ ਸਟੋਰਜ ਟੈਂਕ ਬਣਾਇਆ ਜਾਣਾ ਹੈ। ਜੈ ਪਲਾਂਟ ਆਦਮਪੁਰ ਦੇ ਪਿੰਡ ਜਗਰਾਵਾ ‘ਚ ਹੋਵੇਗਾ ਜਿਥੋਂ ਤੱਕ ਨਹਿਰ ਜ਼ਰੀਏ ਸਤੁਲਜ ਦਰਿਆ ਦਾ ਪਾਣੀ ਲਿਆਇਆ ਜਾਵੇਗਾ। ਪਲਾਂਟ ਤੋਂ ਸ਼ਹਿਰ ਤੱਕ ਪਾਈਪ ਲਾਈਨ ਵਿਛਾਈ ਜਾਵੇਗੀ ਤੇ ਮੌਜੂਦਾ ਡਿਸਟ੍ਰੀਬਿਊਸ਼ਨ ਨੈਟਵਰਕ ਨਾਲ ਲੋਕਾਂ ਦੇ ਘਰਾਂ ਤੱਕ ਸਪਲਾਈ ਹੋਵੇਗੀ। ਇਸੇ ਤਰ੍ਹਾਂ 120 ਫੁੱਟ ਰੋਡ ‘ਤੇ ਪਾਣੀ ਇੱਕਠਾ ਹੋਣ ਦੀ ਸਮੱਸਿਆ ਨਾਲ ਨਜਿੱਠਣ ਲਈ 21 ਕਰੋੜ ਰੁਪਏ ਦਾ ਬਰਸਾਤੀ ਸੀਵਰੇਜ ਪਾਇਆ ਜਾਵੇਗਾ। ਇਸ ਨਾਲ ਪੱਛਮੀ ਇਲਾਕੇ ਦੀ 50 ਤੋਂ ਵੱਧ ਕਾਲੋਨੀਆਂ ਨੂੰ ਫਾਇਦਾ ਮਿਲੇਗਾ। ਫੋਲੜੀਵਾਲ ‘ਚ 50MLD ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗੇਗਾ ਤੇ ਪੁਰਾਣਾ 100MLD ਦਾ ਪਲਾਂਟ ਅਪਗ੍ਰੇਡ ਕੀਤਾ ਜਾਵੇਗਾ। ਸਭ ਤੋਂ ਮਹੱਤਵਪੂਰਨ ਪ੍ਰਾਜੈਕਟ ਇਸ ਸਮੇਂ ਐੱਲ. ਈ. ਡੀ. ਸਟ੍ਰੀਟ ਲਾਈਟ ਹੈ। ਲਗਭਗ 44 ਕਰੋੜ ਰੁਪਏ ਦੇ ਪ੍ਰਾਜੈਕਟ ਨਾਲ ਪੁਰਾਣੀ ਸੋਡੀਅਮ ਲਾਈਟ ਨੂੰ LED ਲਾਈਟ ‘ਚ ਤਬਦੀਲ ਕੀਤਾ ਜਾਵੇਗਾ।