The Health Minister : ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ‘ਚ ਨਵੰਬਰ ਤੋਂ ਲੈ ਕੇ ਦਸੰਬਰ ਦੇ ਸ਼ੁਰੂ ‘ਚ ਡੇਂਗੂ ਦੇ ਫੈਲਣ ਦਾ ਵੀ ਖਤਰਾ ਹੁੰਦਾ ਹੈ ਤੇ ਇਸ ਨੂੰ ਕੰਟਰੋਲ ਕਰਨ ਲਈ ਸਟੇਟ ਟਾਸਕ ਫੋਰਸ ਵੱਲੋਂ ਸਾਂਝੇ ਤੌਰ ‘ਤੇ ਯਤਨ ਕੀਤੇ ਜਾ ਰਹੇ ਹਨ, ਜੋ ਕਿ ਸ਼ਲਾਘਾਯੋਗ ਹੈ। ਜਿਸ ਵਿਚ ਸਥਾਨਕ ਸਰਕਾਰਾਂ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਕਿਰਤ, ਮੈਡੀਕਲ ਸਿੱਖਿਆ ਅਤੇ ਖੋਜ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਕੂਲ ਸਿੱਖਿਆ ਅਤੇ ਪਸ਼ੂ ਪਾਲਣ ਵਿਭਾਗ ਸ਼ਾਮਲ ਹਨ। ਪੰਜਾਬ ਪਹਿਲਾਂ ਹੀ ਕੋਰੋਨਾ ਵਰਗੀ ਮਹਾਮਾਰੀ ਨਾਲ ਜੂਝ ਰਿਹਾ ਹੈ ਤੇ ਬਹੁਤ ਸਾਰੇ ਲੋਕ ਪਹਿਲਾਂ ਹੀ ਇਸ ਦੀ ਲਪੇਟ ‘ਚ ਹਨ। ਅਜਿਹੇ ‘ਚ ਸਾਨੂੰ ਡੇਂਗੂ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ, ਪੰਜਾਬ ਵਲੋਂ ਜਨਵਰੀ ਤੋਂ ਹੁਣ ਤੱਕ ਡੇਂਗੂ ਦੇ 10,890 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਅਤੇ ਇਨ੍ਹਾਂ ਵਿੱਚੋਂ 4692 ਮਰੀਜ਼ ਪਾਜ਼ੇਟਿਵ ਪਾਏ ਗਏ ਹਨ।
ਸ. ਸਿੱਧੂ ਨੇ ਦੱਸਿਆ ਕਿ ਡੇਂਗੂ ਮੁੱਖ ਤੌਰ ‘ਤੇ ਸਾਫ ਪਾਣੀ ‘ਚ ਫੈਲਦਾ ਹੈ ਅਜਿਹੇ ‘ਚ ਸਾਨੂੰ ਸਫਾਈ ਵੱਲ ਵਧੇਰੇ ਧਿਆਨ ਦੇਣਾ ਪਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ “ਐਵਰੀ ਫਰਾਈਡੇਅ-ਡਰਾਈ ਡੇਅ” ਦਾ ਐਲਾਨ ਕੀਤਾ ਗਿਆ ਹੈ ਜਿਸਦਾ ਮਤਲਬ ਹੈ ਕਿ ਹਫ਼ਤੇ ਵਿਚ ਇਕ ਵਾਰ ਪਾਣੀ ਦੇ ਡੱਬਿਆਂ ਆਦਿ ਨੂੰ ਖਾਲੀ ਅਤੇ ਸਾਫ਼ ਕਰਕੇ ਡੇਂਗੂ ਦੀ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ, ਜਿਸ ਨਾਲ ਮੱਛਰ ਪੈਦਾ ਨਾ ਹੋ ਸਕਣ। ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਵੱਖ-ਵੱਖ ਰਾਜਾਂ ਦੇ ਅਧਿਕਾਰੀਆਂ ਨੂੰ ਗਾਈਡਲਾਈਜ਼ ਵੀ ਜਾਰੀ ਕੀਤੀਆਂ ਗਈਆਂ ਹਨ ਤੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਬੁਖ਼ਾਰ ਦੇ ਹਰੇਕ ਮਾਮਲੇ ਦੀ ਰਿਪੋਰਟ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਜੇਕਰ ਕਿਸੇ ਨੂੰ ਅਜਿਹੇ ਲੱਛਣ ਦਿਖਾਈ ਦਿੰਦੇ ਹਨ ਤਾਂ ਸਿਹਤ ਵਿਭਾਗ ਨੂੰ ਇਸ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਸ ਇਲਾਕੇ ‘ਚ ਜਾ ਕੇ ਸਪਰੇਅ ਕੀਤਾ ਜਾ ਸਕੇ।
ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਸਰਕਾਰੀ ਹਸਪਤਾਲਾਂ ‘ਚ ਵੀ ਡੇਂਗੂ ਦੇ ਇਲਾਜ ਲਈ ਸਾਰੀਆਂ ਸਹੂਲਤਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦੇ ਬਹੁਤੇ ਮਾਮਲੇ ਸੂਬੇ ਦੇ ਸ਼ਹਿਰੀ ਇਲਾਕਿਆਂ ਵਿੱਚ ਸਾਹਮਣੇ ਆ ਰਹੇ ਹਨ ਜਿਥੇ ਕੂਲਰਾਂ, ਟਾਇਰਾਂ, ਫਰਿੱਜਾਂ ਦੀਆਂ ਟਰੇਨਾਂ, ਫੁੱਲਾਂ ਦੇ ਗਮਲੇ ਅਤੇ ਫਾਲਤੂ ਸਮਾਨ ਵਿੱਚ ਮੱਛਰ ਜਲਦੀ ਪੈਦਾ ਹੁੰਦਾ ਹੈ। ਸਿੱਧੂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਡੇਂਗੂ ਵਰਗੀ ਖਤਰਨਾਕ ਬੀਮਾਰੀ ‘ਤੇ ਕੰਟਰੋਲ ਕਰ ਸਕਣਾ ਮੁਸ਼ਕਲ ਹੈ। ਅਜਿਹੇ ‘ਚ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪ੍ਰਸ਼ਾਸਨ ਦਾ ਸਾਥ ਦੇਈਏ ਅਤੇ ਡੇਂਗੂ ਦੀ ਬੀਮਾਰੀ ਤੋਂ ਨਿਜਾਤ ਪਾਈਏ।