Trains diverted due : ਜੰਡਿਆਲਾ ਵਿਖੇ ਕਿਸਾਨ ਸੰਘਰਸ਼ ਮੋਰਚਾ ਵੱਲੋਂ ਰੇਲਵੇ ਟਰੈਕ ਜਾਮ ਕਰਨ ਕਾਰਨ ਰੇਲਵੇ ਨੂੰ ਬਿਆਸ, ਤਰਨ ਤਾਰਨ, ਭਗਤਾਂਵਾਲਾ ਰਸਤੇ ਰਾਹੀਂ ਮੋੜਨ ਦਾ ਫੈਸਲਾ ਕੀਤਾ ਗਿਆ ਹੈ। ਰਸਤਾ ਇਕਹਿਰਾ-ਟਰੈਕ ਹੋਣ ਕਰਕੇ, ਸਿਰਫ ਦੋ ਜੋੜੇ ਮੇਲ ਐਕਸਪ੍ਰੈਸ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਇਹ ਜਾਣਕਾਰੀ ਮੰਡਲ ਰੇਲਵੇ ਦਫਤਰ, ਫਿਰੋਜ਼ਪੁਰ, ਪੰਜਾਬ ਵੱਲੋਂ ਦਿੱਤੀ ਗਈ।
ਦੱਸ ਦੇਈਏ ਕਿ ਅੰਮ੍ਰਿਤਸਰ ਵਿੱਚ ਜੰਡਿਆਲਾ ਗੁਰੂ ਦੇ ਰੇਲਵੇ ਟ੍ਰੈਕ ‘ਤੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਦੀ ਇੱਕ ਜਥੇਬੰਦੀ ਨੇ ਧਰਨਾ ਸ਼ੁਰੂ ਕੀਤਾ ਹੈ। ਜਿਸ ਕਾਰਨ ਮੁੰਬਈ ਤੋਂ ਆ ਰਹੀ ਗੋਲਡਨ ਐਕਸਪ੍ਰੈਸ ਨੂੰ ਬਿਆਸ ਰੇਲਵੇ ਸਟੇਸ਼ਨ ’ਤੇ ਰੋਕਣਾ ਪਿਆ। ਧਿਆਨ ਯੋਗ ਹੈ ਕਿ ਰੇਲਵੇ ਟਰੈਕ ’ਤੇ ਰੁਕਾਵਟ ਪੈਦਾ ਹੋਣ ਤੋਂ ਬਾਅਦ ਕੁਝ ਯਾਤਰੀ ਬਿਆਸ ਰੇਲਵੇ ਸਟੇਸ਼ਨ ‘ਤੇ ਉਤਰ ਗਏ ਅਤੇ ਸੜਕ ਰਾਹੀਂ ਆਪਣੀਆਂ ਮੰਜ਼ਿਲਾਂ ਲਈ ਰਵਾਨਾ ਹੋ ਗਏ, ਜਿਸ ਲਈ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਹਨ। ਦੱਸਣਯੋਗ ਹੈ ਕਿ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਦੇ ਨਾਲ ਮੁਸਾਫਰ ਗੱਡੀਆਂ ਚੱਲਣ ਲਈ ਸਹਿਮਤੀ ਦੇ ਦਿੱਤੀ ਹੈ ਪਰ ਇੱਕ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਜੇ ਵੀ ਆਪਣੇ ਫੈਸਲੇ ’ਤੇ ਅੜੀ ਹੋਈ ਹੈ। ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਤੱਕ ਕਿ ਕੇਂਦਰ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਉਨ੍ਹਾਂ ਦੀਆਂ ਮੰਗਾਂ ਦੀ ਪ੍ਰਵਾਨਗੀ ਨਹੀਂ ਦਿੰਦਾ, ਉਹ ਰਸਤਾ ਨਹੀਂ ਦੇਣਗੇ। ਇਸ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿਤਾ ਪ੍ਰਗਟਾਈ ਹੈ।
ਰੇਲਵੇ ਮੰਤਰਲੇ ਨੇ ਵੀ ਪੰਜਾਬ ਵਿੱਚ ਰੇਲ ਸੇਵਾ ਮੁੜ ਬਹਾਲ ਕਰ ਦਿੱਤੀ ਹੈ, ਜਿਸ ਨਾਲ ਸੂਬੇ ਦੇ ਨਾਲ-ਨਾਲ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਵੀ ਹੱਲ ਹੋ ਗਈਆਂ ਹਨ। ਕਿਸਾਨਾਂ ਜਥੇਬੰਦੀਆਂ ਨੇ 23 ਨਵੰਬਰ ਤੋਂ ਪੰਜਾਬ ਵਿੱਚ ਰੇਲ ਸੇਵਾ ਦੁਬਾਰਾ ਸ਼ੁਰੂ ਕਰਨ ‘ਤੇ ਸਹਿਮਤੀ ਜਤਾਈ। ਇਹ ਸਮਝੌਤਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕਿਸਾਨ ਜੱਥੇਬੰਦੀਆਂ ਵਿਚਾਲੇ ਗੱਲਬਾਤ ਤੋਂ ਬਾਅਦ ਹੋਇਆ ਸੀ। ਕਿਸਾਨ ਜਥੇਬੰਦੀਆਂ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੀਆਂ ਹਨ। ਕੇਂਦਰ ਨਾਲ ਹੋਈ ਮੀਟਿੰਗ ‘ਚ ਕਿਸਾਨ ਜਥੇਬੰਦੀਆਂ ਨੇ ਕਾਫੀ ਮੁੱਦਿਆਂ ‘ਤੇ ਗੱਲਬਾਤ ਕੀਤੀ ਸੀ ਜਿਸ ‘ਚ ਪਰਾਲੀ ਸਾੜੇ ਜਾਣ ‘ਤੇ ਹੋਏ ਜੁਰਮਾਨੇ ਤੇ ਦਰਜ ਕੇਸਾਂ ਨੂੰ ਵਾਪਸ ਲੈਣ ਆਦਿ ਮੁੱਦੇ ਵੀ ਸ਼ਾਮਲ ਸਨ।