Unique initiative taken : ਪੰਜਾਬ ਪਿਛਲੇ ਕਾਫੀ ਸਮੇਂ ਤੋਂ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਪਰਾਲੀ ਸਾੜਨ ਨਾਲ ਨਾ ਸਿਰਫ ਚੌਗਿਰਦੇ ਨੂੰ ਨੁਕਸਾਨ ਪੁੱਜਦਾ ਹੈ ਸਗੋਂ ਮਨੁੱਖ ਦੀ ਸਿਹਤ ‘ਤੇ ਵੀ ਇਸ ਦਾ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ। ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜ ਕੇ ਉਸ ਦੀ ਰਹਿੰਦ-ਖੂੰਹਦ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਪਰ ਉਹ ਪਰਾਲੀ ਸਾੜਨ ਦੇ ਪੈਣ ਵਾਲੇ ਗਲਤ ਨਤੀਜਿਆਂ ਤੋਂ ਬਿਲਕੁਲ ਅਨਜਾਣ ਹੈ। ਅਜਿਹੇ ‘ਚ ਸਾਨੂੰ ਕੁਝ ਇਸ ਤਰ੍ਹਾਂ ਦਾ ਤਰੀਕਾ ਅਪਨਾਉਣਾ ਚਾਹੀਦਾ ਹੈ ਜਿਸ ਨਾਲ ਪਰਾਲੀ ਨੂੰ ਸਾੜਿਆ ਵੀ ਨਾ ਜਾਵੇ ਤੇ ਇਸ ਦਾ ਸਹੀ ਇਸਤੇਮਾਲ ਵੀ ਹੋ ਜਾਵੇ।
ਇਸੇ ਤਹਿਤ ਪਹਿਲ ਕਦਮੀ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਭਾਗ ਵੱਲੋਂ ਪਰਾਲੀ ਦੀ ਸਹੀ ਵਰਤੋਂ ਲਈ ਇੱਕ ਵੱਖ ਤਰ੍ਹਾਂ ਦੀ ਪਹਿਲਕਦਮੀ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਨਰਿੰਦਰਜੀਤ ਕੌਰ ਨੇ ਦੱਸਿਆ ਕਿ ਪਰਾਲੀ ਨਾਲ ਘਰ ‘ਚ ਵਰਤੋਂ ‘ਚ ਲਿਆਂਦੇ ਜਾਣ ਵਾਲੇ ਕਈ ਸਾਮਾਨ ਤਿਆਰ ਕੀਤੇ ਜਾ ਸਕਦੇ ਹਨ ਜਿਸ ਨਾਲ ਕਿਸਾਨਾਂ ਦੀ ਪਰਾਲੀ ਸਾੜਨ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ ਤੇ ਵਾਤਾਵਰਣ ਵੀ ਸ਼ੁੱਧ ਰਹੇਗਾ। ਉਨ੍ਹਾਂ ਦੱਸਿਆ ਕਿ ਅਜੇ ਤਾਂ ਵਿਭਾਗ ਵੱਲੋਂ ਕੁਝ ਨਮੂਨੇ ਹੀ ਤਿਆਰ ਕੀਤੇ ਗਏ ਹਨ ਪਰ ਜੇਕਰ ਸਿਖਲਾਈ ਲੈ ਕੇ ਪਿੰਡਾਂ ‘ਚ ਔਰਤਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਤਾਂ ਕਾਫੀ ਹੱਦ ਤਕ ਇਸ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ।
ਪੰਜਾਬ ਸਰਕਾਰ ਵੱਲੋਂ ਹੁਣ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਕੇਸ ਵੀ ਦਰਜ ਕੀਤੇ ਜਾ ਰਹੇ ਹਨ। ਅਜਿਹੇ ‘ਚ ਸਾਨੂੰ ਚਾਹੀਦਾ ਹੈ ਕਿ ਅਸੀਂ ਪਰਾਲੀ ਦੀ ਸਮੱਸਿਆ ਦਾ ਕੋਈ ਠੋਸ ਹੱਲ ਲੱਭੀਏ ਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ ਤਾਂ ਜੋ ਅਸੀਂ ਸ਼ੁੱਧ ਹਵਾ ‘ਚ ਸਾਹ ਲੈ ਸਕੀਏ ਤੇ ਆਪਣੀ ਤੇ ਹੋਰਨਾਂ ਦੀਆਂ ਜਾਨਾਂ ਨੂੰ ਸੁਰੱਖਿਅਤ ਰੱਖ ਸਕੀਏ।