ਅਮ੍ਰਿਤਸਰ : ਪੰਜਾਬ ਸਰਹੱਦ ‘ਤੇ ਸ਼ੁੱਕਰਵਾਰ ਰਾਤ ਨੂੰ ਪਾਕਿਸਤਾਨ ਵੱਲੋਂ 3 ਘੁਸਪੈਠ ਦੀਆਂ ਕੋਸ਼ਿਸ਼ਾਂ ਹੋਈਆਂ, ਪਰ BSF ਦੇ ਜਵਾਨਾਂ ਵੱਲੋਂ ਇਸ ਨੂੰ ਨਾਕਾਮ ਕਰ ਦਿੱਤਾ ਗਿਆ । ਇਸਦੇ ਨਾਲ ਹੀ ਅੰਮ੍ਰਿਤਸਰ ਸੈਕਟਰ ‘ਚ 2 ਡਰੋਨ ਭਾਰਤੀ ਸਰਹੱਦ ਵੱਲ ਵਧੇ, ਪਰ ਜਵਾਨਾਂ ਨੇ ਇੱਕ ਡਰੋਨ ਨੂੰ ਗੋਲੀ ਮਾਰ ਦਿੱਤੀ ਜਿਸ ਕਰਕੇ ਦੂਜਾ ਡਰੋਨ ਵਾਪਸ ਪਰਤ ਗਿਆ । ਦੂਜੇ ਪਾਸੇ ਜਵਾਨਾਂ ਨੇ ਪਠਾਨਕੋਟ ਸੈਕਟਰ ‘ਚ ਵੀ ਘੁਸਪੈਠ ਕਰ ਰਹੇ 2 ਤਸਕਰਾਂ ਨੂੰ ਢੇਰ ਕਰ ਦਿੱਤਾ।
BSF ਨੇ ਜਾਣਕਾਰੀ ਦਿੱਤੀ ਹੈ ਕਿ ਅੰਮ੍ਰਿਤਸਰ ਸੈਕਟਰ ਦੀ ਦਾਉਕੇ ਚੌਕੀ ਨੇੜੇ ਰਾਤ ਕਰੀਬ 10 ਵਜੇ ਡਰੋਨ ਦੀ ਹਰਕਤ ਦੇਖੀ ਗਈ ਸੀ। ਗਸ਼ਤ ਕਰ ਰਹੇ BSF ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਹੀ ਮਿੰਟਾਂ ਵਿੱਚ ਡਰੋਨ ਦੀ ਆਵਾਜ਼ ਬੰਦ ਹੋ ਗਈ। ਇਸ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ‘ਤੋਂ ਬਾਅਦ ਡਿੱਗਿਆ ਡਰੋਨ ਖੇਤਾਂ ਵਿੱਚ ਮਿਲਿਆ। ਜਾਣਕਾਰੀ ਅਨੁਸਾਰ ਇਹ ਡਰੋਨ 8-ਪ੍ਰੋਪੈਲਰ ਓਕਟਾ-ਕਾਪਟਰ DJI ਮੈਟ੍ਰਿਸ ਹੈ, ਜਿਸ ਦੀ ਵਰਤੋਂ ਪਾਕਿਸਤਾਨੀ ਤਸਕਰ ਸਰਹੱਦ ਪਾਰੋਂ ਵੱਡੀਆਂ ਖੇਪਾਂ ਦੀ ਢੋਆ-ਢੁਆਈ ਲਈ ਕਰਦੇ ਹਨ।
ਇਸ ਦੌਰਾਨ ਅੰਮ੍ਰਿਤਸਰ ਸੈਕਟਰ ਦੇ ਪੰਜਗਰਾਈ ਚੌਕੀ ਵਿੱਚ BSF ਦੇ ਜਵਾਨਾਂ ਨੇ ਰਾਤ 9.45 ਤੋਂ 10.30 ਵਜੇ ਡਰੋਨ ਦੀ ਹਰਕਤ ਸੁਣੀ। ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਤੋਂ ਬਾਅਦ ਡਰੋਨ ਵਾਪਸ ਪਰਤਿਆ। BSF ਜਵਾਨਾਂ ਵੱਲੋਂ ਮਾਮਲੇ ਦੀ ਸਾਰੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ , ਜਿਸ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ।
ਪਠਾਨਕੋਟ ਸੈਕਟਰ ਦੇ ਫਰਾਈਪੁਰ ਚੌਕੀ ਨੇੜੇ ਗਸ਼ਤ ਕਰ ਰਹੇ ਜਵਾਨਾਂ ਨੇ ਥਰਮਲ ਕੈਮਰਿਆਂ ਦੀ ਮਦਦ ਨਾਲ 2 ਘੁਸਪੈਠੀਆਂ ਨੂੰ ਦੇਖਿਆ। ਇਹ ਘੁਸਪੈਠੀ ਪਾਕਿਸਤਾਨੀ ਰੇਂਜਰਾਂ ਦੀ ਫਰਾਈਪੁਰ ਚੌਕੀ ਦੇ ਨੇੜੇ ਸਨ। ਇਸ ਦੌਰਾਨ ਬਟਾਲੀਅਨ 121 ਦੇ ਜਵਾਨ ਸਰਹੱਦ ‘ਤੇ ਗਸ਼ਤ ‘ਤੇ ਸਨ। ਜਵਾਨਾਂ ਨੇ ਚੌਕਸੀ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਕਾਰਨ ਘੁਸਪੈਠੀਆਂ ਨੂੰ ਵਾਪਸ ਪਰਤਣਾ ਪਿਆ।
ਵੀਡੀਓ ਲਈ ਕਲਿੱਕ ਕਰੋ -: