ਪੰਜਾਬ ‘ਚ ਬੰਦੂਕ ਦੀ ਨੋਕ ‘ਤੇ ਲੁੱਟ ਦੀਆ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਅਜਿਹਾ ਹੀ ਇਕ ਹੋਰ ਕਾਰ ਲੁੱਟਣ ਦਾ ਮਾਮਲਾ ਫੇਜ਼ 11 ‘ਤੋਂ ਸਾਹਮਣੇ ਆਇਆ ਹੈ। ਇੱਥੇ ਮੁਲਜ਼ਮ ਡਰਾਈਵਰ ਤੋਂ ਕਾਰ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਬੀਤੀ 20 ਨਵੰਬਰ ਤੋਂ ਹੁਣ ਤੱਕ 3 ਕਾਰਾਂ ਬੰਦੂਕ ਦੀ ਨੋਕ ‘ਤੇ ਲੁੱਟੀਆਂ ਜਾ ਚੁੱਕੀਆਂ ਹਨ। ਤਾਜ਼ਾ ਮਾਮਲੇ ‘ਚ ਸ਼ਿਕਾਇਤਕਰਤਾ ਪਾਣੀਪਤ ਦਾ ਰਹਿਣ ਵਾਲਾ ਵਿਨੋਦ ਕੁਮਾਰ ਹੈ, ਜਿਸ ਨਾਲ ਇਹ ਘਟਨਾ ਵਾਪਰੀ ਹੈ। ਵਿਨੋਦ ਮੁਤਾਬਕ 4 ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਜਾਣਕਾਰੀ ਮੁਤਾਬਕ ਵਿਨੋਦ ਪਾਣੀਪਤ ਦੇ ਆਪਣੇ ਬੌਸ ਸੰਜੇ ਕੁਮਾਰ ਦੇ 2 ਰਿਸ਼ਤੇਦਾਰਾਂ ਨੂੰ ਛੱਡਣ ਆਇਆ ਸੀ। ਰਿਸ਼ਤੇਦਾਰ ਸਤਿਸੰਗ ‘ਚ ਸ਼ਾਮਲ ਹੋਣ ਲਈ ਆਏ ਸਨ।ਰਿਸ਼ਤੇਦਾਰਾਂ ਨੂੰ ਫੇਜ਼ 10 ਵਿੱਚ ਛੱਡਣ ਤੋਂ ਬਾਅਦ ਵਿਨੋਦ ਫੇਜ਼ 12 ਵਿੱਚ ਢਾਬੇ ’ਤੇ ਖਾਣਾ ਖਾਣ ਲਈ ਰੁਕਿਆ। ਜਿਵੇਂ ਹੀ ਉਹ ਕਾਰ ‘ਚ ਬੈਠਣ ਲੱਗਾ ਤਾਂ ਬੰਦੂਕ ਦੀ ਨੋਕ ‘ਤੇ ਚਾਰ ਨੌਜਵਾਨਾਂ ਨੇ ਉਸ ਦਾ ਪਰਸ, ਮੋਬਾਈਲ ਅਤੇ ਕਾਰ ਖੋਹ ਲਈ। ਇਹ ਘਟਨਾ ਰਾਤ ਕਰੀਬ 10.30 ਵਜੇ ਵਾਪਰੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ 4 ਅਣਪਛਾਤੇ ਗਰੋਹ ਦੇ ਮੈਂਬਰਾਂ ‘ਤੇ ਸ਼ੱਕ ਹੈ। 4 ਮੁਲਜ਼ਮ ਇਸ ਤੋਂ ਪਹਿਲਾਂ ਵਾਪਰੀਆਂ ਕਾਰ ਲੁੱਟ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਸਨ ਅਤੇ ਘਟਨਾ ਨੂੰ ਅੰਜਾਮ ਦੇਣ ਦਾ ਤਰੀਕਾ ਵੀ ਅਜਿਹਾ ਹੀ ਸੀ। ਪੁਲਿਸ CCTV ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 23 ਨਵੰਬਰ ਦੀ ਰਾਤ ਨੂੰ 2 ਵਜੇ ਸੈਕਟਰ-88 ਸਥਿਤ ਪੁਰਬ ਅਪਾਰਟਮੈਂਟ ਨੇੜੇ ਹਰਸ਼ਦ ਗੌਤਮ ਨਾਂ ਦੇ ਵਿਅਕਤੀ ਅਤੇ ਉਸ ਦੇ 2 ਰਿਸ਼ਤੇਦਾਰਾਂ ‘ਤੇ 4 ਲੁਟੇਰਿਆਂ ਨੇ ਹਵਾ ‘ਚ ਫਾਇਰਿੰਗ ਕਰਦੇ ਹੋਏ ਬੰਦੂਕ ਦੀ ਨੋਕ ‘ਤੇ ਕਾਰ ਲੁੱਟ ਲਈ ਸੀ। ਮੁਲਜ਼ਮ ਹੌਂਡਾ ਸਿਟੀ ਕਾਰ ਵਿੱਚ ਆਏ ਸਨ। ਅਚਾਨਕ ਉਨ੍ਹਾਂ ਨੇ ਕਾਰ ਰੋਕ ਕੇ ਹਰਸ਼ਦ ਨੂੰ ਪਿਸਤੌਲ ਦਿਖਾ ਕੇ ਧਮਕੀਆਂ ਦਿੰਦੇ ਹੋਏ ਕਾਰ ਲੁੱਟ ਲਈ। ਪੁਲੀਸ ਨੇ ਕਾਰ ਨੂੰ ਸਰਹਿੰਦ ਤੋਂ ਲਾਵਾਰਸ ਹਾਲਤ ਵਿੱਚ ਬਰਾਮਦ ਕੀਤਾ ਸੀ।
ਇਨ੍ਹਾਂ ਹੀ ਨਹੀਂ 20 ਨਵੰਬਰ ਨੂੰ ਵੀ ਖਰੜ ਵਿੱਚ ਇੱਕ ਟੈਕਸੀ ਡਰਾਈਵਰ ਤੋਂ ਕਾਰ ਲੁੱਟ ਲਈ ਗਈ ਸੀ। ਇਹ ਲੁੱਟ ਵੀ ਬੰਦੂਕ ਦੀ ਨੋਕ ‘ਤੇ ਹੋਈ ਸੀ। ਡਰਾਈਵਰ ਹਰਪ੍ਰੀਤ ਸਿੰਘ ਵਾਸੀ ਫਤਹਿਗੜ੍ਹ ਸਾਹਿਬ ਸੀ। ਲੁਟੇਰੇ ਉਸ ਦੇ 2 ਮੋਬਾਈਲ ਵੀ ਖੋਹ ਕੇ ਲੈ ਗਏ ਸਨ। 20 ਨਵੰਬਰ ਨੂੰ ਕਰੀਬ 1.30 ਵਜੇ ਹਰਪ੍ਰੀਤ ਸਵਾਰੀਆਂ ਲੈ ਕੇ ਸੈਕਟਰ-68 ਮੁਹਾਲੀ ਤੋਂ ਖਰੜ ਜਾ ਰਿਹਾ ਸੀ। ਜਦੋਂ ਉਹ ਖਰੜ ਪਹੁੰਚਿਆ ਤਾਂ 4 ਮੁਲਜ਼ਮ ਉਸ ਦੀ ਉਡੀਕ ਕਰ ਰਹੇ ਸਨ। ਉਹ ਕਾਰ ‘ਚ ਬੈਠ ਗਏ ਅਤੇ ਅੱਗੇ ਜਾ ਕੇ ਲੁਟੇਰਿਆਂ ਨੇ ਕਾਰ ਲੁੱਟ ਲਈ।