ਨਵੇਂ ਸਾਲ ਮੌਕੇ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਖੰਡੇਲਾ ਇਲਾਕੇ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਚਾਰ ਹੋਰ ਜ਼ਖ਼ਮੀਆਂ ਦੀ ਮੌਤ ਹੋ ਗਈ ਹੈ । ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 12 ਤੱਕ ਪਹੁੰਚ ਗਈ ਹੈ। ਇਨ੍ਹਾਂ ਮ੍ਰਿਤਕਾਂ ਵਿੱਚੋਂ ਸੱਤ ਜੈਪੁਰ ਜ਼ਿਲ੍ਹੇ ਦੇ ਸਾਮੋਦ ਵਿੱਚ ਰਹਿਣ ਵਾਲੇ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ । ਇਸ ਹਾਦਸੇ ਵਿੱਚ ਜ਼ਖਮੀ ਹੋਏ 7 ਲੋਕ ਫਿਲਹਾਲ ਸੀਕਰ ਵਿੱਚ ਜ਼ੇਰੇ ਇਲਾਜ ਹਨ । ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਵਿੱਚ ਹੜਕੰਪ ਮਚ ਗਿਆ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ‘ਤੇ ਸੀਐਮ ਅਸ਼ੋਕ ਗਹਿਲੋਤ ਨੇ ਦੁੱਖ ਪ੍ਰਗਟ ਕੀਤਾ ਹੈ।
ਜਾਣਕਾਰੀ ਮੁਤਾਬਕ ਐਤਵਾਰ ਨੂੰ ਵਾਪਰੇ ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਕੁੱਲ 9 ਜ਼ਖਮੀਆਂ ਨੂੰ ਸੀਕਰ ਲਿਆਂਦਾ ਗਿਆ ਸੀ । ਉਸ ਤੋਂ ਬਾਅਦ ਹੁਣ ਤੱਕ ਚਾਰ ਹੋਰ ਜ਼ਖਮੀਆਂ ਨੇ ਦਮ ਤੋੜ ਦਿੱਤਾ । ਇਨ੍ਹਾਂ ਵਿੱਚੋਂ ਦੋ ਦੀ ਐਤਵਾਰ ਦੇਰ ਰਾਤ ਮੌਤ ਹੋ ਗਈ ਸੀ । ਬਾਕੀ ਜ਼ਖਮੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਹਾਦਸੇ ਵਿੱਚ ਮਾਰੇ ਗਏ ਜ਼ਿਆਦਾਤਰ ਮ੍ਰਿਤਕਾਂ ਦੀਆਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਯੁਗਾਂਡਾ : ਨਵੇਂ ਸਾਲ ਦੇ ਜਸ਼ਨ ‘ਚ ਮਾਤਮ, ਆਤਿਸ਼ਬਾਜ਼ੀ ਵੇਖਣ ਆਏ ਲੋਕਾਂ ‘ਚ ਮਚੀ ਭਗਦੜ, 9 ਮੌਤਾਂ
ਜ਼ਿਕਰਯੋਗ ਹੈ ਕਿ ਇਹ ਘਟਨਾ ਐਤਵਾਰ ਨੂੰ ਖੰਡੇਲਾ ਇਲਾਕੇ ਵਿੱਚ ਉਸ ਸਮੇਂ ਵਾਪਰੀ ਜਦੋਂ ਇੱਕ ਪਿਕਅੱਪ ਟਰੱਕ ਬੇਕਾਬੂ ਹੋ ਕੇ ਇੱਕ ਬਾਈਕ ਨੂੰ ਟੱਕਰ ਮਾਰਨ ਤੋਂ ਬਾਅਦ ਬੋਰਿੰਗ ਮਸ਼ੀਨ ਵਾਲੇ ਟਰੱਕ ਨਾਲ ਜਾ ਟਕਰਾਈ ਸੀ । ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਇਸ ਕਾਰਨ ਮੌਕੇ ’ਤੇ ਹਫੜਾ-ਦਫੜੀ ਮੱਚ ਗਈ ਸੀ । ਪਿਕਅੱਪ ਵਿੱਚ ਸਵਾਰ ਲੋਕ ਨਵੇਂ ਸਾਲ ‘ਤੇ ਭਗਵਾਨ ਗਣੇਸ਼ ਦੇ ਦਰਸ਼ਨ ਕਰਨ ਲਈ ਖੰਡੇਲਾ ਆ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਬਾਈਕ ਨੂੰ ਟੱਕਰ ਮਾਰਨ ਤੋਂ ਬਾਅਦ ਪਿਕਅਪ ਡਰਾਈਵਰ ਨੇ ਗੱਡੀ ‘ਤੇ ਸੰਤੁਲਨ ਗੁਆ ਦਿੱਤਾ ਅਤੇ ਇਹ ਬੋਰਿੰਗ ਮਸ਼ੀਨ ਨਾਲ ਭਰੇ ਟਰੱਕ ਨਾਲ ਜਾ ਟਕਰਾਈ।
ਵੀਡੀਓ ਲਈ ਕਲਿੱਕ ਕਰੋ -: