ਪੰਜਾਬ-ਹਰਿਆਣਾ ਹਾਈ ਕੋਰਟ ਨੇ ਆਪਣੇ ਇਕ ਅਹਿਮ ਫੈਸਲੇ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਪਿਤਾ ਦੀ ਮੌਤ ਦੀ ਸਥਿਤੀ ਵਿੱਚ ਮਿਲਣ ਵਾਲੇ ਮੁਆਵਜ਼ੇ ਦੇ ਲਈ ਵਿਆਹੁਤਾ ਧੀ ਵੀ ਬਰਾਬਰ ਦੀ ਹੱਕਦਾਰ ਹੈ। ਉਹ ਵਿਆਹੁਤਾ ਹੈ ਇਸ ਲਈ ਉਸ ਨੂੰ ਮੁਆਵਜ਼ੇ ਦੀ ਰਕਮ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ।
ਜ਼ਿਕਰਯੋਗ ਹੈ ਕਿ ਮਾਰਚ 2016 ਵਿੱਚ ਇੱਕ ਵਾਹਨ ਹਾਦਸੇ ਵਿੱਚ ਡਰਾਈ ਕਲੀਨਰ ਵਜੋਂ ਕੰਮ ਕਰਨ ਵਾਲੇ ਮਲਾਗਰ ਸਿੰਘ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਫਤਿਹਗੜ੍ਹ ਸਾਹਿਬ ਨੇ ਮ੍ਰਿਤਕ ਦੀ ਵਿਧਵਾ ਨੂੰ 9 ਲੱਖ 40 ਹਜ਼ਾਰ 266 ਰੁਪਏ ਵਿਆਜ ਸਮੇਤ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਦਿੱਤੇ ਸਨ। ਟ੍ਰਿਬਿਊਨਲ ਨੇ ਮ੍ਰਿਤਕ ਦੇ ਦੋਵੇਂ ਬਾਲਗ ਪੁੱਤਰਾਂ ਅਤੇ ਵਿਆਹੁਤਾ ਧੀ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਧੁੰਦ ਕਾਰਨ ਵਾਪਰੇ ਸੜਕ ਹਾਦਸੇ ‘ਚ ਗੈਂਗਸਟਰ ਕੁਲਬੀਰ ਨਰੂਆਣਾ ਦੇ ਸਾਥੀ ਅਜ਼ੀਜ਼ ਖ਼ਾਨ ਦੀ ਮੌਤ
ਬੀਮਾ ਕੰਪਨੀ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੁਆਵਜ਼ੇ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਬੀਮਾ ਕੰਪਨੀ ਦੇ ਫੈਸਲੇ ਦੇ ਖਿਲਾਫ ਅਪੀਲ ਖਾਰਜ ਕਰ ਦਿੱਤੀ ਪਰ ਟ੍ਰਿਬਿਊਨਲ ਦੇ ਹੁਕਮਾਂ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਿਰਫ ਮ੍ਰਿਤਕ ਦੀ ਵਿਧਵਾ ਨੂੰ ਸਾਰੀ ਰਕਮ ਦੇ ਕੇ ਦੋ ਪੁੱਤਰਾਂ ਅਤੇ ਵਿਆਹੁਤਾ ਧੀ ਨੂੰ ਕਿਵੇਂ ਵਾਂਝਾ ਰੱਖਿਆ ਜਾ ਸਕਦਾ ਹੈ।
ਅਦਾਲਤ ਨੇ ਕਿਹਾ ਕਿ ਜਿੱਥੋਂ ਤੱਕ ਮ੍ਰਿਤਕ ਦੀ ਵਿਆਹੁਤਾ ਧੀ ਦਾ ਸਵਾਲ ਹੈ, ਸਾਡੇ ਸਮਾਜ ਵਿਚ ਵਿਆਹੀਆਂ ਧੀਆਂ ਦੀ ਉਨ੍ਹਾਂ ਦੇ ਮਾਤਾ-ਪਿਤਾ ਵੱਲੋਂ ਸਹੀ ਦੇਖਭਾਲ ਕੀਤੀ ਜਾਂਦੀ ਹੈ। ਤਿਉਹਾਰਾਂ ਅਤੇ ਹੋਰ ਕਈ ਮੌਕਿਆਂ ‘ਤੇ ਉਨ੍ਹਾਂ ਨੂੰ ਨਕਦੀ ਅਤੇ ਹੋਰ ਤੋਹਫ਼ੇ ਦਿੱਤੇ ਜਾਂਦੇ ਹਨ। ਪਿਤਾ ਦੀ ਮੌਤ ਕਾਰਨ ਧੀ ਨਾ ਸਿਰਫ਼ ਉਨ੍ਹਾਂ ਦੇ ਪਿਆਰ ਤੋਂ ਵਾਂਝੀ ਹੋਈ ਹੈ, ਸਗੋਂ ਆਰਥਿਕ ਤੌਰ ‘ਤੇ ਵੀ ਉਸ ਨੂੰ ਨੁਕਸਾਨ ਹੋਇਆ ਹੈ। ਅਜਿਹੀ ਸਥਿਤੀ ਵਿੱਚ ਉਹ ਮੁਆਵਜ਼ੇ ਵਿੱਚ ਹਿੱਸਾ ਲੈਣ ਦੀ ਵੀ ਹੱਕਦਾਰ ਹੈ।
ਵੀਡੀਓ ਲਈ ਕਲਿੱਕ ਕਰੋ -: