ਪੰਜਾਬ ਵਿੱਚ ਲੁਧਿਆਣਾ ਦੇ ਕਸਬਾ ਜਗਰਾਓਂ ਵਿੱਚ ਪਲਾਸਟਿਕ ਡੋਰ ਦਾ ਕਹਿਰ ਜਾਰੀ ਹੈ। ਕੋਠੇ ਪੋਨਾ ਦੇ ਰਹਿਣ ਵਾਲੇ 45 ਸਾਲਾ ਵਿਅਕਤੀ ਨੂੰ ਡੋਰ ਨੇ ਜ਼ਖਮੀ ਕਰ ਦਿੱਤਾ। ਪਹਿਲਾਂ ਡੋਰ ਉਸਦੀਆਂ ਉਂਗਲੀਆਂ ਵਿੱਚ ਫਸੀ। ਇਸਦੇ ਬਾਅਦ ਜਦੋਂ ਡੋਰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੱਥੇ ਵਿੱਚ ਜਾ ਉਲਝੀ। ਇਸ ਨਾਲ ਮੱਥਾ ਤੇ ਉਂਗਲੀਆਂ ਦੋਨੋਂ ਬੁਰੀ ਤਰ੍ਹਾਂ ਕੱਟ ਗਈਆਂ। ਜਿਸ ਤੋਂ ਬਾਅਦ ਖੂਨ ਨਾਲ ਲੱਥਪੱਥ ਵਿਅਕਤੀ ਸੜਕ ਵਿਚਾਲੇ ਡਿੱਗ ਗਿਆ। ਆਸ-ਪਾਸ ਦੇ ਲੋਕਾਂ ਨੇ ਉਸਨੂੰ ਬੇਸੁੱਧ ਡਿੱਗਿਆ ਦੇਖਿਆ ਤਾਂ ਤੁਰੰਤ ਉਸਨੂੰ ਪਲਾਸਟਿਕ ਡੋਰ ਤੋਂ ਮੁਕਤ ਕੀਤਾ ਤੇ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਹਿਚਾਣ ਰਵੀ ਦੀਪ ਦੇ ਰੂਪ ਵਿੱਚ ਹੋਈ।
ਜ਼ਖਮੀ ਰਵੀ ਦੀਪ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਐਕਟਿਵਾ ‘ਤੇ ਜਾ ਰਿਹਾ ਸੀ ਕਿ ਅਚਾਨਕ ਟੁੱਟੇ ਪਤੰਗ ਦੀ ਡੋਰ ਨਾਲ ਉਹ ਉਲਝ ਗਿਆ। ਡੋਰ ਨਾਲ ਜ਼ਖਮੀ ਹੋਣ ਤੋਂ ਬਾਅਦ ਉਸਦਾ ਇੰਨਾ ਜ਼ਿਆਦਾ ਖੂਨ ਵਹਿ ਗਿਆ ਕਿ ਉਹ ਕਦੋਂ ਸੜਕ ‘ਤੇ ਬੇਸੁੱਧ ਹੋ ਗਿਆ ਉਸਨੂੰ ਪਤਾ ਹੀ ਨਹੀਂ ਲੱਗਿਆ। ਰਵੀ ਦੀਪ ਮੁਤਾਬਕ 45 ਟਾਂਕੇ ਉਸਦੇ ਮੱਥੇ ‘ਤੇ ਅਤੇ 11 ਟਾਂਕੇ ਉਸਦੀਆਂ ਉਂਗਲੀਆਂ ‘ਤੇ ਲੱਗੇ ਹਨ।
ਰਵੀ ਦੀਪ ਨੇ ਦੱਸਿਆ ਕਿ ਮੱਥੇ ‘ਤੇ ਡੋਰ ਫਿਰ ਜਾਣ ਤੋਂ ਬਾਅਦ ਅੱਖਾਂ ਤੋਂ ਹਾਲੇ ਫਿਲਹਾਲ ਸਾਫ਼ ਨਹੀਂ ਦਿਖਾਈ ਦੇ ਰਿਹਾ। ਰਵੀ ਦੀਪ ਨੇ ਦੱਸਿਆ ਕਿ ਉਸਨੇ ਮਫ਼ਲਰ ਪਾਇਆ ਹੋਇਆ ਸੀ। ਮਫਲਰ ਵਿੱਚ ਵੀ ਕਰੀਬ 2 ਇੰਚ ਡੂੰਘਾ ਕੱਟ ਲੱਗਿਆ ਹੈ। ਉੱਥੇ ਹੀ ਪਿੰਡ ਦੇ ਲੋਕਾਂ ਵਿੱਚ ਪੁਲਿਸ ਖਿਲਾਫ਼ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਦੁਕਾਨਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਪਲਾਸਟਿਕ ਦੀ ਡੋਰ ਵੇਚ ਰਹੇ ਹਨ, ਉਨ੍ਹਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: