ਪੂਰਾ ਉੱਤਰ ਭਾਰਤ ਕੜਾਕੇ ਦੀ ਠੰਡ ਨਾਲ ਕੰਬ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਦੇ ਕਈ ਹਿੱਸਿਆਂ ਵਿੱਚ ਕੜਾਕੇ ਦੀ ਠੰਡ ਤੇ ਸੰਘਣੀ ਤੋਂ ਸੰਘਣੀ ਧੁੰਦ ਦੀ ਸਥਿਤੀ ਬਣੀ ਹੋਈ ਹੈ। ਅਗਲੇ 2-3 ਦਿਨਾਂ ਤੱਕ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ। ਸੋਮਵਾਰ ਦੀ ਰਾਤ ਨੂੰ ਵੀ ਕਈ ਥਾਵਾਂ ‘ਤੇ ਕੋਹਰੇ ਕਾਰਨ ਵਿਜ਼ੀਬਿਲਿਟੀ ਕਾਫ਼ੀ ਘੱਟ ਸੀ।
ਉੱਥੇ ਹੀ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਅਟਲ ਟਨਲ ਦੇ ਦੱਖਣੀ ਹਿੱਸੇ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ। ਇਸਦੇ ਕਾਰਨ ਮੈਦਾਨੀ ਇਲਾਕਿਆਂ ਵਿੱਚ ਵੀ ਤਾਪਮਾਨ ਵਿੱਚ ਗਿਰਾਵਟ ਦੇਖੀ ਗਈ ਹੈ। ਰਾਜਧਾਨੀ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸੋਮਵਾਰ ਨੂੰ ਲਗਾਤਾਰ 5ਵੀ ਦਿਨ ਸੀਤ ਲਹਿਰ ਦਾ ਦਿਨ ਦਰਜ ਕੀਤਾ ਗਿਆ ਤੇ ਇੱਥੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਹੈ।
ਇਹ ਵੀ ਪੜ੍ਹੋ: Amul ਦੇ ਮੈਨੇਜਿੰਗ ਡਾਇਰੈਕਟਰ ਆਰ.ਐੱਸ. ਸੋਢੀ ਨੇ ਦਿੱਤਾ ਅਸਤੀਫ਼ਾ, ਜਯੇਨ ਮਹਿਤਾ ਨੇ ਸੰਭਾਲੀ ਕਮਾਨ
ਦਿੱਲੀ ਵਿੱਚ ਇਹ ਪਿਛਲੇ ਇੱਕ ਦਹਾਕੇ ਵਿੱਚ ਜਨਵਰੀ ਦੀ ਸਭ ਤੋਂ ਲੰਬੀ ਸੀਤ ਲਹਿਰ ਹੈ। ਇਸ ਤੋਂ ਪਹਿਲਾਂ ਰਾਜਧਾਨੀ ਵਿੱਚ ਪਿਛਲੀ ਵਾਰ ਜਨਵਰੀ 2013 ਵਿੱਚ ਇਸ ਤਰ੍ਹਾਂ ਦੀ ਠੰਡ ਪਈ ਸੀ। ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 11 ਤੋਂ 13 ਜਨਵਰੀ ਦੇ ਵਿਚਾਲੇ ਇੱਕ ਪੱਛਮੀ ਗੜਬੜੀ ਦੇ ਉੱਤਰ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਜਿਸ ਨਾਲ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋ ਸਕਦਾ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਪੰਜਾਬ, ਬਿਹਾਰ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਵਿੱਚ ਸੰਘਣੀ ਧੁੰਦ ਜਾਰੀ ਰਹੇਗੀ। ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਇਨ੍ਹਾਂ ਥਾਵਾਂ ‘ਤੇ ਰੈੱਡ ਅਲਰਟ ਜਾਰੀ ਕੀਤੀ ਗਿਆ ਹੈ। ਭਵਿੱਖਬਾਣੀ ਅਨੁਸਾਰ ਉੱਤਰ-ਪੱਛਮੀ ਰਾਜਸਥਾਨ, ਜੰਮੂ, ਹਰਿਆਣਾ, ਚੰਡੀਗੜ੍ਹ, ਤ੍ਰਿਪੁਰਾ ਦੇ ਕੁਝ ਹਿੱਸਿਆਂ ਵਿੱਚ ਵੀ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: