ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਵੀਰਵਾਰ ਫਿਲੌਰ ਵਿਖੇ ਪੰਜਾਬ ਪੁਲਿਸ ਅਕੈਡਮੀ ਦਾ ਦੌਰਾ ਕੀਤਾ ਅਤੇ ਕਿਲ੍ਹੇ ਦੀ ਕਾਰਜਪ੍ਰਣਾਲੀ ਅਤੇ ਵਿਕਾਸ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਗੈਰ-ਰਸਮੀ ਮੀਟਿੰਗ ਵਿੱਚ ਅਨੀਤਾ ਪੁੰਜ, ਐਡੀਜੀਪੀ ਅਤੇ ਡਾਇਰੈਕਟਰ, ਪੰਜਾਬ ਪੁਲਿਸ ਅਕਾਦਮੀ, ਡਾ ਨਰਿੰਦਰ ਭਾਗਵ, ਆਈਪੀਐਸ ਅਤੇ ਰਜਿੰਦਰ ਸਿੰਘ, ਪੀਪੀਐਸ ਹਾਜ਼ਰ ਸਨ । ਵਿਚਾਰ-ਵਟਾਂਦਰੇ ਤੋਂ ਬਾਅਦ ਅਰੋੜਾ ਨੇ ਸਰਕਾਰ ਕੋਲ ਮੁੱਦੇ ਉਠਾਉਣ ਅਤੇ ਕਿਸੇ ਵੀ ਰੁਕੇ ਹੋਏ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਵਾਅਦਾ ਕੀਤਾ । ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਕਿਲ੍ਹਾ ਫਿਲੌਰ ਦੇ ਅਹਾਤੇ ਵਿੱਚ ਸਥਿਤ ਪੀਰ ਬਾਬਾ ਅਬਦੁੱਲਾ ਸ਼ਾਹ ਜੀ ਦੀ ਇਤਿਹਾਸਕ ਮਜ਼ਾਰ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਸਤਿਕਾਰ ਵਜੋਂ ਮਜ਼ਾਰ ‘ਤੇ ਚਾਦਰ ਭੇਟ ਕੀਤੀ ਅਤੇ ਸ਼ਰਧਾ ਨਾਲ ਸਿਰ ਝੁਕਾਇਆ।
ਇਸ ਮੌਕੇ ਅਰੋੜਾ ਨੇ ਮਜ਼ਾਰ ‘ਤੇ ਆਉਣ ਵਾਲੇ ਬਜ਼ੁਰਗਾਂ ਅਤੇ ਅਪਾਹਜਾਂ ਦੀ ਸਹੂਲਤ ਲਈ ਸੀਐਸਆਰ ਫੰਡ ਵਿੱਚੋਂ ਇੱਕ ਇਲੈਕਟ੍ਰਿਕ ਗੋਲਫ ਕਾਰਟ ਸੌਂਪਿਆ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਸਥਾਨ ਦੇ ਦੌਰੇ ਦੌਰਾਨ ਮੈਂ ਦ੍ਰਿੜਤਾ ਨਾਲ ਮਹਿਸੂਸ ਕੀਤਾ ਕਿ ਇਸ ਸਹੂਲਤ ਦੀ ਸਖ਼ਤ ਲੋੜ ਹੈ । ਜ਼ਿਕਰਯੋਗ ਹੈ ਕਿ ਅਰੋੜਾ ਪੀਰ ਬਾਬਾ ਅਬਦੁੱਲਾ ਸ਼ਾਹ ਜੀ ਦੇ ਪੱਕੇ ਪੈਰੋਕਾਰ ਹਨ ਅਤੇ ਉਹ ਅਕਸਰ ਉੱਥੇ ਚਾਦਰ ਚੜ੍ਹਾਉਣ ਅਤੇ ਮੱਥਾ ਟੇਕਣ ਆਉਂਦੇ ਹਨ। ਉਹ ਦਿਨ ਵੀ ਸਨ ਜਦੋਂ ਉਹ ਕਿਸੇ ਵੀ ਵੀਰਵਾਰ ਵਾਲੇ ਦਿਨ ਮਜ਼ਾਰ ਜਾਣ ਤੋਂ ਨਹੀਂ ਰਹਿੰਦੇ ਸਨ। ਜੇ ਉਹ ਸਫ਼ਰ ਕਰ ਰਹੇ ਹੁੰਦੇ, ਤਾਂ ਉਹ ਕਿਸੇ ਹੋਰ ਨੂੰ ਚਾਦਰ ਚੜ੍ਹਾਉਣ ਲਈ ਭੇਜ ਦਿੰਦੇ ਸਨ। ਅਰੋੜਾ ਨੇ ਆਪਣੇ ਖਰਚੇ ‘ਤੇ ਮੁਕੱਮਲ ਮਜ਼ਾਰ ਦੇ ਖੇਤਰ ਦਾ ਨਵੀਨੀਕਰਨ ਕਰਨ ਦੀ ਪੇਸ਼ਕਸ਼ ਕੀਤੀ।
ਇਹ ਵੀ ਪੜ੍ਹੋ: ਘਰ ‘ਚ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ, ਪਤੀ-ਪਤਨੀ ਸਣੇ 4 ਬੱਚੇ ਜ਼ਿੰਦਾ ਸੜੇ
ਇਸ ਤੋਂ ਅੱਗੇ ਅਰੋੜਾ ਨੇ ਕਿਹਾ ਕਿ ਇਹ ਮਜ਼ਾਰ ਵਰ੍ਹਿਆਂ ਤੋਂ ਪੁਲਿਸ ਕਰਮਚਾਰੀਆਂ ਅਤੇ ਮੇਰੇ ਵਰਗੇ ਦੂਰ-ਦੁਰਾਡੇ ਦੇ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਲਈ ਸਤਿਕਾਰਯੋਗ ਪੀਰ ਨੂੰ ਸਨਮਾਨ ਦੇਣ ਲਈ ਬਹੁਤ ਵੱਡਾ ਅਧਿਆਤਮਿਕ ਪ੍ਰੇਰਨਾ ਦਾ ਸਰੋਤ ਰਿਹਾ ਹੈ। ਅਰੋੜਾ ਨੇ ਕਿਹਾ ਕਿ ਇਤਿਹਾਸ ਅਨੁਸਾਰ ਪੀਰ ਬਾਬਾ ਅਬਦੁੱਲਾ ਸ਼ਾਹ ਜੀ ਨੇ ਪਿਆਰ ਅਤੇ ਦਿਆਲਤਾ ਦੀਆਂ ਮਾਨਵੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਆਪਣਾ ਬਲਿਦਾਨ ਦਿੱਤਾ ਸੀ । ਅਰੋੜਾ ਨੇ ਕਿਹਾ ਕਿ ਇਹ ਮਜ਼ਾਰ ਭਾਈਚਾਰਕ ਸਾਂਝ ਦਾ ਮਹਾਨ ਪ੍ਰਤੀਕ ਹੈ ਕਿਉਂਕਿ ਇੱਥੇ ਸਮਾਜ ਦੇ ਸਾਰੇ ਧਰਮਾਂ ਦੇ ਲੋਕ ਮੱਥਾ ਟੇਕਣ ਲਈ ਆਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: