ਪੰਜਾਬ ਤੇ ਹਰਿਆਣਾ ਵਿੱਚ ਮਾਰਚ ਦਾ ਮਹੀਨਾ ਸ਼ੁਰੂ ਹੁੰਦੇ ਹੀ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ । ਦੋਵਾਂ ਰਾਜਾਂ ਦੇ ਕਈ ਜ਼ਿਲ੍ਹਿਆਂ ਵਿੱਚ ਮਾਰਚ ਮਹੀਨੇ ਦੀ ਸ਼ੁਰੂਆਤ ਮੀਂਹ ਨਾਲ ਹੋਈ ਹੈ । ਮੌਸਮ ਵਿਭਾਗ ਵੱਲੋਂ ਇਸ ਸਬੰਧੀ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ। ਮੌਸਮ ਵਿਭਾਗ ਨੇ ਭਵਿੱਖਬਾਣੀ ਕਰਦਿਆਂ ਕਿਹਾ ਸੀ ਕਿ 28 ਫਰਵਰੀ ਤੋਂ 3 ਮਾਰਚ ਤੱਕ ਹਰਿਆਣਾ ਤੇ ਪੰਜਾਬ ਵਿੱਚ ਬਾਰਿਸ਼ ਹੋਵੇਗੀ, ਜਦੋਂ ਕਿ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਬਰਫਬਾਰੀ ਅਤੇ ਬਾਰਿਸ਼ ਹੋਵੇਗੀ । ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਹਰਿਆਣਾ-ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਵੀ ਹੋਈ ।
ਮੀਂਹ ਦੇ ਨਾਲ-ਨਾਲ ਇਨ੍ਹਾਂ ਦੋਹਾਂ ਸੂਬਿਆਂ ਵਿੱਚ ਤੇਜ਼ ਹਵਾਵਾਂ ਵੀ ਚੱਲੀਆਂ। ਹਿਮਾਚਲ ਦੇ ਲਾਹੌਲ ਸਪਿਤੀ, ਕਿਨੌਰ, ਚੰਬਾ ਅਤੇ ਸਿਰਮੌਰ ਵਿੱਚ ਬਰਫਬਾਰੀ ਹੋਈ, ਜਦਕਿ ਕਈ ਨੀਵੇਂ ਇਲਾਕਿਆਂ ਵਿੱਚ ਮੀਂਹ ਵੀ ਪਿਆ । ਮੀਂਹ ਅਤੇ ਬਰਫ਼ਬਾਰੀ ਕਾਰਨ ਲੋਕਾਂ ਨੇ ਇੱਕ ਵਾਰ ਠੰਡਾ ਮੌਸਮ ਮਹਿਸੂਸ ਕੀਤਾ । ਉੱਥੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ, ਜਿੱਥੇ ਵੱਧ ਤੋਂ ਵੱਧ ਤਾਪਮਾਨ ਵਿੱਚ ਕਰੀਬ 4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ । ਪੰਜਾਬ ਦੇ ਗੁਰਦਾਸਪੁਰ, ਨਵਾਂਸ਼ਹਿਰ, ਫਾਜ਼ਿਲਕਾ, ਪਟਿਆਲਾ, ਕੂਪਰਥਲਾ, ਪਠਾਨਕੋਟ ਵਿੱਚ ਵੀ ਹਲਕੀ ਬੂੰਦਾਬਾਂਦੀ ਹੋਈ । ਪਟਿਆਲਾ ਵਿੱਚ 1.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ।
ਇਹ ਵੀ ਪੜ੍ਹੋ: CM ਮਾਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਕਾਨੂੰਨ ਵਿਵਸਥਾ ‘ਤੇ ਹੋ ਸਕਦੀ ਹੈ ਚਰਚਾ
ਦੱਸ ਦੇਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਕਾਰਨ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਵਿਛ ਗਈ। ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਹਵਾਵਾਂ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲਿਆ । ਉੱਥੇ ਹੀ ਹਿਮਾਚਲ ਵਿੱਚ ਹੋਈ ਬਰਫਬਾਰੀ ਕਾਰਨ ਅਟਲ ਸੁਰੰਗ ਬੰਦ ਹੋ ਗਈ । ਬਰਫਬਾਰੀ ਕਾਰਨ ਹਿਮਾਚਲ ਦੀਆਂ 117 ਦੇ ਕਰੀਬ ਸੜਕਾਂ ਬੰਦ ਹੋ ਗਈਆਂ ਹਨ ।
ਵੀਡੀਓ ਲਈ ਕਲਿੱਕ ਕਰੋ -: