sooraj pancholi first reaction: ਜੀਆ ਖਾਨ ਖੁਦਕੁਸ਼ੀ ਮਾਮਲੇ ਵਿੱਚ ਸੀਬੀਆਈ ਅਦਾਲਤ ਨੇ ਅੱਜ ਕਰੀਬ 10 ਸਾਲ ਬਾਅਦ ਆਪਣਾ ਫੈਸਲਾ ਸੁਣਾਇਆ ਹੈ। ਆਦਾਕਾਰਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ੀ ਸੂਰਜ ਪੰਚੋਲੀ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੋਰਟ ਦੇ ਪੱਖ ‘ਚ ਫੈਸਲਾ ਆਉਣ ਤੋਂ ਬਾਅਦ ਸੂਰਜ ਪੰਚੋਲੀ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ।
ਅਦਾਲਤ ਦਾ ਫੈਸਲਾ ਉਸ ਦੇ ਹੱਕ ਵਿੱਚ ਆਉਣ ਤੋਂ ਬਾਅਦ ਸੂਰਜ ਪੰਚੋਲੀ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।” ਦੱਸ ਦੇਈਏ ਕਿ 3 ਜੂਨ 2013 ਨੂੰ ਜੀਆ ਖਾਨ ਜੁਹੂ ਸਥਿਤ ਆਪਣੇ ਘਰ ‘ਚ ਲਟਕਦੀ ਮਿਲੀ ਸੀ। ਇਸ ਘਟਨਾ ‘ਚ ਸੂਰਜ ਪੰਚੋਲੀ ‘ਤੇ ਆਦਾਕਾਰਾ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲੱਗਾ ਸੀ। ਮੁੰਬਈ ਦੀ ਜੁਹੂ ਪੁਲਿਸ ਜੀਆ ਖੁਦਕੁਸ਼ੀ ਮਾਮਲੇ ਦੀ ਜਾਂਚ ਕਰ ਰਹੀ ਸੀ ਅਤੇ ਜਾਂਚ ਦੌਰਾਨ 7 ਜੂਨ 2013 ਨੂੰ ਪੁਲਿਸ ਨੂੰ ਜੀਆ ਖਾਨ ਦੇ ਘਰ ਤੋਂ 6 ਪੰਨਿਆਂ ਦਾ ਹੱਥ ਲਿਖਤ ਸੁਸਾਈਡ ਨੋਟ ਮਿਲਿਆ ਸੀ। ਇਸ ਤੋਂ ਬਾਅਦ 11 ਜੂਨ 2013 ਨੂੰ ਮੁੰਬਈ ਪੁਲਿਸ ਨੇ ਬਾਲੀਵੁੱਡ ਆਦਾਕਾਰ ਆਦਿਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਨੂੰ ਜੀਆ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ।
ਜੁਲਾਈ 2013 ਨੂੰ ਸੂਰਜ ਪੰਚੋਲੀ ਨੂੰ ਲਗਭਗ ਇੱਕ ਮਹੀਨਾ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਜੀਆ ਖਾਨ ਦੀ ਮਾਂ ਰਾਬੀਆ ਖਾਨ ਇਸ ਮਾਮਲੇ ‘ਚ ਪੁਲਸ ਜਾਂਚ ਤੋਂ ਸੰਤੁਸ਼ਟ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਕਤਲ ਦਾ ਮਾਮਲਾ ਹੈ ਅਤੇ ਇਸ ਦੀ ਜਾਂਚ ਕਤਲ ਦੇ ਮਾਮਲੇ ਵਜੋਂ ਹੋਣੀ ਚਾਹੀਦੀ ਹੈ। ਸਾਲ 2014 ‘ਚ ਜੀਆ ਦੀ ਮਾਂ ਦੀ ਅਰਜ਼ੀ ‘ਤੇ ਬੰਬੇ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੀਬੀਆਈ ਨੂੰ ਦਿੱਤੀ ਸੀ। ਸਾਲ 2015 ਵਿੱਚ ਸੀਬੀਆਈ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਸੂਰਜ ਪੰਚੋਲੀ ਦੇ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ। ਜਦਕਿ ਅੱਜ ਲਗਭਗ 10 ਸਾਲਾਂ ਬਾਅਦ ਸੂਰਜ ਪੰਚੋਲੀ ਨੂੰ ਕੋਰਟ ਨੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਫੈਸਲਾ ਪੱਖ ‘ਚ ਆਉਣ ਤੋਂ ਬਾਅਦ ਸੂਰਜ ਅਤੇ ਉਨ੍ਹਾਂ ਦਾ ਪਰਿਵਾਰ ਕਾਫੀ ਖੁਸ਼ ਹੈ। ਦੂਜੇ ਪਾਸੇ ਜੀਆ ਦੀ ਮਾਂ ਰਾਬੀਆ ਨੇ ਕਿਹਾ ਹੈ ਕਿ ਉਹ ਆਪਣੀ ਧੀ ਲਈ ਲੜਦੀ ਰਹੇਗੀ ਅਤੇ ਇਨਸਾਫ਼ ਲਈ ਹਾਈ ਕੋਰਟ ਤੱਕ ਪਹੁੰਚ ਕਰੇਗੀ।