ਕੌਮੀ ਜਾਂਚ ਏਜੰਸੀ (NIA) ਨੇ ਗ੍ਰਹਿ ਮੰਤਰਾਲੇ ਨੂੰ ਉੱਤਰੀ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ 10-12 ਗੈਂਗਸਟਰਾਂ ਨੂੰ ਅੰਡੇਮਾਨ ਤੇ ਨਿਕੋਬਾਰ ਜੇਲ੍ਹ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ ਹੈ। ਸੂਤਰਾਂ ਮੁਤਾਬਕ ਇਸ ਮੁੱਦੇ ‘ਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਤੇ NIA ਦੇ ਅਧਿਕਾਰੀਆਂ ਵਿਚਾਲੇ ਲੰਬੀ ਗੱਲਬਾਤ ਹੋਈ ਹੈ। NIA ਨੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਕੁਝ ਚੋਣਵੇਂ ਬਦਮਾਸ਼ ਕੈਦੀਆਂ ਨੂੰ ਅੰਡੇਮਾਨ ਤੇ ਨਿਕੋਬਾਰ ਜੇਲ੍ਹ ਵਿੱਚ ਤਬਦੀਲ ਕਰਨ ਲਈ ਕਿਹਾ ਹੈ ।
ਦੱਸ ਦੇਈਏ ਕਿ ਅੰਡੇਮਾਨ ਤੇ ਨਿਕੋਬਾਰ ਵਿੱਚ ਕੈਦ ਦੀ ਸਜ਼ਾ ਬਹੁਤ ਸਖ਼ਤ ਮੰਨੀ ਜਾਂਦੀ ਹੈ। ਇਸ ਨੂੰ ਕਾਲਾ ਪਾਣੀ ਵੀ ਕਿਹਾ ਜਾਂਦਾ ਸੀ। ਸੂਤਰਾਂ ਅਨੁਸਾਰ NIA ਦਿੱਲੀ, ਪੰਜਾਬ ਤੇ ਹਰਿਆਣਾ ਦੀਆਂ ਜੇਲ੍ਹਾਂ ਵਿੱਚ ਬੰਦ ਉਨ੍ਹਾਂ ਗੈਂਗਸਟਰਾਂ ਨੂੰ ਅੰਡੇਮਾਨ ਦੀ ਜੇਲ੍ਹ ਵਿੱਚ ਭੇਜਣਾ ਚਾਹੁੰਦੀ ਹੈ, ਜੋ ਇੱਥੋਂ ਦੀਆਂ ਜੇਲ੍ਹਾਂ ਵਿੱਚ ਬੰਦ ਰਹਿ ਕੇ ਆਪਣਾ ਕ੍ਰਾਈਮ ਸਿੰਡੀਕੇਟ ਚਲਾ ਰਹੇ ਹਨ। NIA ਦਾ ਮਕਸਦ ਇਨ੍ਹਾਂ ਗੈਂਗਸਟਰਾਂ ਦੇ ਨੈੱਟਵਰਕ ਨੂੰ ਤੋੜਨਾ ਹੈ।
ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤੀ ਪ੍ਰਸਤਾਵ ਗੈਂਗਸਟਰਾਂ ਨੂੰ ਦੱਖਣੀ ਭਾਰਤ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਦਾ ਸੀ, ਪਰ ਇਹ ਇੱਕ ਲੰਬੀ ਪ੍ਰਕਿਰਿਆ ਹੋਵੇਗੀ ਕਿਉਂਕਿ ਰਾਜ ਸਰਕਾਰਾਂ ਤੋਂ ਇਜਾਜ਼ਤ ਲੈਣੀ ਪਵੇਗੀ । ਜਦਕਿ ਅੰਡੇਮਾਨ ਤੇ ਨਿਕੋਬਾਰ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਤੇ ਅਜਿਹੀ ਸਥਿਤੀ ਵਿੱਚ ਇਨ੍ਹਾਂ ਗੈਂਗਸਟਰਾਂ ਨੂੰ ਉੱਥੇ ਸ਼ਿਫਟ ਕੀਤੇ ਜਾਣ ਲਈ ਕੇਂਦਰ ਨੂੰ ਕਿਸੇ ਤੋਂ ਵੱਖਰੀ ਮਨਜ਼ੂਰੀ ਨਹੀਂ ਲੈਣੀ ਪਵੇਗੀ । ਅੰਡੇਮਾਨ ਦੀ ਜੇਲ੍ਹ ਨੂੰ ਕਾਲਾਪਾਣੀ ਵੀ ਕਿਹਾ ਜਾਂਦਾ ਹੈ। ਦੱਸ ਦੇਈਏ ਕਿ ਗੈਂਗਸਟਰਾਂ ਨੂੰ ਆਸਾਮ ਵਿੱਚ ਸ਼ਿਫਟ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੂੰ ਲਿਖੇ ਪੱਤਰ ਵਿੱਚ NIA ਨੇ ਉੱਤਰੀ ਭਾਰਤ ਦੀਆਂ ਜੇਲ੍ਹਾਂ ਵਿੱਚੋਂ ਘੱਟੋ-ਘੱਟ 25 ਗੈਂਗਸਟਰਾਂ ਨੂੰ ਦੱਖਣੀ ਰਾਜਾਂ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: