ਲੁਧਿਆਣਾ ਦੇ ਸਾਹਨੇਵਾਲ ਏਅਰਪੋਰਟ ਤੋਂ ਗਾਜ਼ੀਆਬਾਦ ਲਈ ਉਡਾਣਾਂ ਸ਼ੁਰੂ ਹੋ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਸਾਹਨੇਵਾਲ ਹਵਾਈ ਅੱਡੇ ਤੋਂ ਦਿੱਲੀ-NCR ਲਈ ਸ਼ੁਰੂ ਕੀਤੀ ਗਈ ਫਲਾਈਟ ਦਾ ਸਮਾਂ ਲਗਭਗ ਇਕ ਘੰਟਾ ਦੱਸਿਆ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਬਠਿੰਡਾ-ਦਿੱਲੀ, ਦਿੱਲੀ-ਬਠਿੰਡਾ ਤੇ ਬਠਿੰਡਾ-ਹਿੰਡਨ ਫਲਾਈਟ ਵੀ ਜਲਦ ਸ਼ੁਰੂ ਹੋ ਰਹੀ ਹੈ। ਹਲਵਾਰਾ ਟਰਮੀਨਲ ਦਾ ਕੰਮ ਵੀ ਚੱਲ ਰਿਹਾ ਹੈ। ਸਰਕਾਰ ਵੱਲੋਂ ਫੰਡ ਜਾਰੀ ਕਰ ਦਿੱਤਾ ਗਿਆ ਹੈ। ਇਸ ਨਾਲ ਹੁਣ ਲੁਧਿਆਣਾ ਦੇ ਸਾਹਨੇਵਾਲ ਤੇ ਹਲਵਾਰਾ ਦੋ ਏਅਰਪੋਰਟ ਸ਼ੁਰੂ ਹੋ ਜਾਣਗੇ।
CM ਮਾਨ ਨੇ ਕਿਹਾ ਕਿ ਅਕਤੂਬਰ ਮਹੀਨੇ ਵਿਚ ਆਦਮਪੁਰ ਤੋਂ ਵੀ ਫਲਾਈਟ ਦਾ ਸੰਚਾਲਨ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੀ 3 ਸਤੰਬਰ ਨੂੰ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੋਂ ਏਅਰ ਏਸ਼ੀਆ ਏਅਰਲਾਈਨਸ ਨੇ ਹਫਤੇ ਵਿਚ ਚਾਰ ਦਿਨ ਅੰਮ੍ਰਿਤਸਰ-ਕੁਆਲਾਲੰਪੁਰ ਦੀ ਫਲਾਈਟ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੂਰੀ ਦੁਨੀਆਨਾਲ ਜੁੜ ਰਿਹਾ ਹੈ।
ਨਾਲ ਹੀ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਵੈਸਟਰਨ ਵਰਲਡ ਲੰਦਨ, ਟੋਰਾਂਟੋ ਤੇ ਨਿਊਯਾਰਕ ਜਾਣ ਵਾਲੀ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਹੋਣ ਦੀ ਉਮੀਦ ਪ੍ਰਗਟਾਈ। ਦਿੱਲੀ ਏਅਰਪੋਰਟ ‘ਤੇ ਵੀ 70 ਫੀਸਦੀ ਪੰਜਾਬੀ ਆਵਾਜਾਈ ਕਰਦੇ ਹਨ। ਜੇਕਰ ਪੰਜਾਬ ਤੋਂ ਹੀ ਇੰਟਰਨੈਸ਼ਨਲ ਫਲਾਈਟਾਂ ਮਿਲ ਜਾਣ ਤਾਂ ਦਿੱਲੀ ਜਾਣ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇਗੀ।
ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਦੱਸਿਆ ਕਿ ਉਕਤ ਫਲਾਈਟ ਦਾ ਇਕ ਪਾਸੇ ਦਾ ਕਿਰਾਇਆ 3148 ਰੁਪਏ ਰਹੇਗਾ ਜੋ ਕਿ ਦਿੱਲੀ-ਲੁਧਿਆਣਾ ਫਲਾਈਟ ਲਈ ਵਾਜ੍ਹਬ ਹੈ।ਸਾਂਸਦ ਅਰੋੜਾ ਖੁਦ ਵੀ ਹਿੰਡਨ ਤੋਂ ਲੁਧਿਆਣਾ ਲਈ ਰਵਾਨਾ ਹੋਣਗੇ। ਸਾਹਨੇਵਾਲ ਤੱਕ ਇਸ ਸ਼ੁਰੂਆਤੀ ਉਡਾਣ ਵਿਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਿਟਾਇਰਡ ਜਨਰਲ ਵੀਕੇ ਸਿੰਘ ਮੁੱਖ ਮਹਿਮਾਨ ਹੋਣਗੇ।
ਸਾਂਸਦ ਅਰੋੜਾ ਨੇ ਦੱਸਿਆ ਕਿ ਇਹ ਫਲਾਈਟ ਸੋਮਵਾਰ ਤੋਂ ਸ਼ੁੱਕਰਵਾਰ 5 ਦਿਨ ਉਡਾਣ ਭਰੇਗੀ। ਅਕਤੂਬਰ ਦੇ ਆਖਿਰ ਤੱਕ ਪੂਰੇ ਹਫਤੇ ਲਈ ਉਡਾਣ ਭਰਨ ਲੱਗੇਗੀ। 10 ਸਤੰਬਰ 2023 ਤੋਂ ਹਿੰਡਨ ਨੂੰ ਵੀ ਬਠਿੰਡਾ ਨਾਲ ਜੋੜ ਦਿੱਤਾ ਜਾਵੇਗਾ। ਹਲਵਾਰਾ ਇੰਟਰਨੈਸ਼ਨਲ ਹਵਾਈ ਅੱਡਾ ਦਾ ਕੰਮ ਜਲਦ ਪੂਰਾ ਹੋਣ ਵਾਲਾ ਹੈ ਜਿਸ ਦੇ ਬਾਅਦ ਉਥੋਂ ਫਲਾਈਟ ਸਹੂਲਤ ਸ਼ੁਰੂ ਹੋਵੇਗੀ।