1992 ਵਿਚ ਫਰਜ਼ੀ ਪੁਲਿਸ ਐਨਕਾਊਂਟਰ ਮਾਮਲੇ ਵਿਚ ਫੈਸਲਾ ਸੁਣਾਉਂਦੇ ਹੋਏ ਅੰਮ੍ਰਿਤਸਰ ਦੇ 3 ਪੁਲਿਸ ਮੁਲਾਜ਼ਮਾਂ ਇੰਸਪੈਕਟਰ ਧਰਮ ਸਿੰਘ, ਏਐੱਸਆਈ ਸੁਰਿੰਦਰ ਸਿੰਘ ਤੇ ਗੁਰਦੇਵ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਜਿਨ੍ਹਾਂ ਨੂੰ 14 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ।ਸਾਲ 1992 ਵਿਚ ਤਿੰਨ ਨੌਜਵਾਨਾਂ ਹਰਜੀਤ ਸਿੰਘ, ਲਖਵਿੰਦਰ ਸਿੰਘ ਤੇ ਜਸਪਿੰਦਰ ਦਾ 9 ਪੁਲਿਸ ਮੁਲਾਜ਼ਮਾਂ ਨੇ ਫਰਜ਼ੀ ਐਨਕਾਊਂਟਰ ਕਰ ਦਿੱਤਾ ਸੀ।
ਮਾਮਲੇ ਵਿਚ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਹਮਣੇ ਇਕ ਰਿਟ ਦਾਇਰ ਕੀਤੀ ਸੀ। ਉਦੋਂ ਮ੍ਰਿਤਕ ਦੇ ਪਿਤਾ ਨੂੰ ਪਤਾ ਨਹੀਂ ਸੀ ਪੁਲਿਸ ਉਨ੍ਹਾਂ ਦੇ ਪੁੱਤਰ ਦਾ ਕਤਲ ਕਰ ਚੁੱਕੀ ਹੈ। ਪਿਤਾ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਬੇਟੇ ਹਰਜੀਤ ਸਿੰਘ ਨੂੰ ਪੁਲਿਸ ਨੇ 29 ਅਪ੍ਰੈਲ 1992 ਨੂੰ ਅੰਮ੍ਰਿਤਸਰ ਦੇ ਸਠਿਆਲਾ ਕੋਲ ਠਠੀਆਂ ਬੱਸ ਸਟੈਂਡ ਤੋਂ ਚੁੱਕਿਆ ਸੀ ਤੇ ਮਾਲ ਮੰਡੀ ਦੇ ਇੰਟੈਰੋਗੇਸ਼ਨ ਸੈਂਟਰ ਵਿਚ ਰੱਖਿਆ।
ਹਾਈਕੋਰਟ ਨੇ ਤੁਰੰਤ ਐਕਸ਼ਨ ਲੈਂਦੇ ਹੋ ਪੁਲਿਸ ਦੀ ਹਿਰਾਸਤ ਤੋਂ ਹਰਜੀਤ ਸਿੰਘ ਦੀ ਰਿਹਾਈ ਨਿਸ਼ਚਿਤ ਕਰਨ ਲਈ ਇਕ ਵਾਰੰਟ ਅਧਿਕਾਰੀ ਨੂੰ ਨਿਯੁਕਤ ਕੀਤਾ ਸੀ। ਮਾਮਲਾ ਅੱਗੇ ਵਧਾਉਂਦੇ ਹੋਏ ਹਾਈਕੋਰਟ ਨੇ ਦਸੰਬਰ 1992 ਵਿਚ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਚੰਡੀਗੜ੍ਹ ਨੂੰ ਇਸ ਮਾਮਲੇ ਵਿਚ ਨਿਆਇਕ ਜਾਂਚ ਦਾ ਹੁਕਮ ਜਾਰੀ ਕਰ ਦਿੱਤਾ ਜਿਸ ਦੀ ਰਿਪੋਰਟ ਨੂੰ ਸਾਲ 1995 ਵਿਚ ਪੇਸ਼ ਕੀਤਾ ਗਿਆ ਸੀ। ਰਿਪੋਰਟ ਦੇ ਆਧਾਰ ‘ਤੇ 30 ਮਈ 1997 ਨੂੰ ਹਾਈਕੋਰਟ ਨੇ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਟਰਾਂਸਫਰ ਕਰ ਦਿੱਤੀ।
ਸਾਲ 1998 ਵਿਚ ਸੀਬੀਆਈ ਨੇ ਮਾਮਲਾ ਦਰਜ ਕੀਤਾ ਤੇ ਜਾਂਚ ਵਿਚ ਪਾਇਆ ਕਿ ਹਰਜੀਤ ਸਿੰਘ ਦਾ ਦਲਜੀਤ ਸਿੰਘ ਉਰਫ ਮੋਟੂ, ਸਤਬੀਰ ਸਿੰਘ ਤੇ ਇਕ ਹੋਰ ਵਿਅਕਤੀ ਨੇ 29 ਅਪ੍ਰੈਲ 1992 ਨੂੰ ਬੱਸ ਸਟੈਂਡ ਠੱਠੀਆਂ ਤੋਂ ਅਗਵਾ ਕਰ ਲਿਆ ਸੀ। 12 ਮਈ 1992 ਨੂੰ ਦੋ ਹੋਰ ਵਿਅਕਤੀਆਂ ਲਖਵਿੰਦਰ ਤੇ ਜਸਪਿੰਦਰ ਦੇ ਨਾਲ ਹਰਜੀਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ।
ਤਤਕਾਲੀਨ ਐੱਸਐੱਚਓ ਲੋਪੋਕੇ ਦੇ ਐੱਸਆਈ ਧਰਮ ਸਿੰਘ ਦੀ ਅਗਵਾਈ ਵਿਚ ਇਕ ਪੁਲਿਸ ਪਾਰਟੀ ਨੇ ਇਸ ਨੂੰ ਪੁਲਿਸ ਐਨਕਾਊਂਟਰ ਦਿਖਾਇਆ। ਇੰਨਾ ਹੀ ਨਹੀਂ, ਮ੍ਰਿਤਕ ਦੇਹਾਂ ਨੂੰ ਪਰਿਵਾਰ ਨੂੰ ਨਹੀਂ ਸੌਂਪਿਆ ਗਿਆ। ਪੁਲਿਸ ਨੇ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਦਾ ਲਾਵਾਰਿਸ ਵਜੋਂ ਅੰਤਿਮ ਸਸਕਾਰ ਵੀ ਕਰ ਦਿੱਤਾ ਸੀ।
ਸੀਬੀਆਈ ਨੇ ਪੰਜਾਬ ਪੁਲਿਸ ਦੇ 9 ਅਧਿਕਾਰੀਆਂ ਧਰਮ ਸਿੰਘ, ਐੱਸਆਈ ਰਾਮ ਲੁਭਾਇਆ, ਐੱਚਸੀ ਸਤਬੀਰ ਸਿੰਘ, ਦਲਜੀਤ ਸਿੰਘ ਉਰਫ ਮੋਟੂ, ਇੰਸਪੈਕਟਰ ਹਰਭਜਨ ਰਾਮ, ਏਐੱਸਆਈ ਸੁਰਿੰਦਰ ਸਿੰਘ, ਏਐੱਸਆਈ ਗੁਰਦੇਵ ਸਿੰਘ, ਐੱਸਆਈ ਅਮਰੀਕ ਸਿੰਘ ਤੇ ਏਐੱਸਆਈ ਭੁਪਿੰਦਰ ਸਿੰਘ ਖਿਲਾਫ ਆਈਪੀਸੀ ਦੀ ਧਾਰਾ 364, 120ਬੀ, 302 ਤੇ 218 ਤਹਿਤ ਦੋਸ਼ ਪੱਤਰ ਪੇਸ਼ ਕੀਤਾ ਸੀ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਲਈ ਨਵਾਂ ਫਰਮਾਨ, ਪ੍ਰੀਖਿਆਵਾਂ ਦੇ ਮੱਦੇਨਜ਼ਰ ਚਾਈਲਡ ਕੇਅਰ ਲੀਵ ਨਾ ਭੇਜਣ ਦੇ ਹੁਕਮ
ਪਰ ਉਨ੍ਹਾਂ ਵਿਚੋਂ 5 ਮੁਲਜ਼ਮਾਂ ਹਰਭਜਨ ਰਾਮ, ਰਾਮ ਲੁਭਾਇਆ, ਸਤਬੀਰ ਸਿੰਘ, ਦਲਜੀਤ ਸਿੰਘ ਤੇ ਅਮਰੀਕ ਸਿੰਘ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਤੇ ਇਕ ਮੁਲਜ਼ਮ ਭੁਪਿੰਦਰ ਸਿੰਘ ਨੂੰ ਭਗੌੜਾ ਐਲਾਨ ਦਿੱਤਾ ਗਿਆ। ਇੰਸਪੈਕਟਰ ਧਰਮ ਸਿੰਘ, ਏਐੱਸਆਈ ਸੁਰਿੰਦਰ ਸਿੰਘ ਤੇ ਗੁਰਦੇਵ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: