ਪਿਛਲੇ 3 ਦਿਨਾਂ ‘ਚ ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨਾਲ ਹੋਏ 2 ਮੁਕਾਬਲੇ ‘ਚ 3 ਅਧਿਕਾਰੀ ਅਤੇ 2 ਜਵਾਨ ਸ਼ਹੀਦ ਹੋ ਗਏ। ਜਦੋਂਕਿ ਇੱਕ ਸਿਪਾਹੀ ਲਾਪਤਾ ਹੈ, ਉਸ ਦੇ ਗੰਭੀਰ ਜ਼ਖਮੀ ਹੋਣ ਦਾ ਖਦਸ਼ਾ ਹੈ। ਫੌਜ ਦੇ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਢੋਂਚਕ ਅਤੇ ਕਸ਼ਮੀਰ ਪੁਲਿਸ ਦੇ DSP ਹੁਮਾਯੂੰ ਭੱਟ ਬੁੱਧਵਾਰ (13 ਸਤੰਬਰ) ਨੂੰ ਅਨੰਤਨਾਗ ਵਿੱਚ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ।
ਅਨੰਤਨਾਗ ‘ਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਪਾਬੰਦੀਸ਼ੁਦਾ ਸੰਗਠਨ ਰੇਜ਼ਿਸਟੈਂਸ ਫਰੰਟ ਨੇ ਲਈ ਹੈ। ਪੁਲਿਸ ਨੇ ਕਿਹਾ ਹੈ ਕਿ ਅਨੰਤਨਾਗ ‘ਚ ਲਸ਼ਕਰ ਦੇ ਦੋ ਅੱਤਵਾਦੀ ਲੁਕੇ ਹੋਏ ਹਨ, ਜਿਨ੍ਹਾਂ ਨੂੰ ਫੌਜ ਨੇ ਘੇਰ ਲਿਆ ਹੈ। ਇਨ੍ਹਾਂ ਵਿੱਚੋਂ ਇੱਕ ਨਗਮ ਕੋਕਰਨਾਗ ਦਾ ਰਹਿਣ ਵਾਲਾ ਉਜ਼ੈਰ ਖਾਨ ਹੈ। ਉਜ਼ੈਰ ਪਿਛਲੇ ਸਾਲ ਜੁਲਾਈ ‘ਚ ਲਸ਼ਕਰ ‘ਚ ਸ਼ਾਮਲ ਹੋਇਆ ਸੀ।
ਬੁੱਧਵਾਰ ਨੂੰ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕੀਤੀ। ਅਨੰਤਨਾਗ ‘ਚ ਮੁਕਾਬਲਾ ਅਜੇ ਵੀ ਜਾਰੀ ਹੈ। ਇਸ ਦੇ ਨਾਲ ਹੀ ਰਾਜੌਰੀ ‘ਚ ਸੋਮਵਾਰ (11 ਸਤੰਬਰ) ਰਾਤ ਨੂੰ ਸ਼ੁਰੂ ਹੋਏ ਮੁਕਾਬਲੇ ‘ਚ ਫੌਜ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ, ਜਦਕਿ ਰਾਈਫਲਮੈਨ ਰਵੀ ਕੁਮਾਰ ਸ਼ਹੀਦ ਹੋ ਗਿਆ। ਇਹ ਮੁਕਾਬਲਾ ਬੁੱਧਵਾਰ ਰਾਤ ਨੂੰ ਖਤਮ ਹੋਇਆ।
ਦੂਜੇ ਪਾਸੇ ਰਾਜੌਰੀ ‘ਚ ਵੀ ਮੰਗਲਵਾਰ ਨੂੰ ਮੁਕਾਬਲੇ ਦੌਰਾਨ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਦੋ ਅੱਤਵਾਦੀ ਮਾਰੇ ਗਏ। ਇੱਥੇ ਫੌਜ ਦੇ ਇੱਕ ਡੌਗ ਦੀ ਵੀ ਮੌਤ ਹੋ ਗਈ। ਸ਼ਹੀਦ ਹੋਏ ਫੌਜੀ ਡੌਗ ਦਾ ਨਾਂ ਕੈਂਟ ਸੀ। ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਆਪਣੇ ਹੈਂਡਲਰ ਦੀ ਜਾਨ ਬਚਾਈ। ਰਾਜੌਰੀ ਮੁਕਾਬਲੇ ਵਾਲੀ ਥਾਂ ਤੋਂ ਦੋ AK-47, 7 ਮੈਗਜ਼ੀਨ, 2 ਬੁਲੇਟ ਪਰੂਫ਼ ਜੈਕਟਾਂ ਅਤੇ ਕਰੀਬ ਤਿੰਨ ਦਰਜਨ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਬਣੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਗਾਇਕ ਲਖਵਿੰਦਰ, ਲੋਕਾਂ ਨੂੰ ਸਹਿਯੋਗ ਕਰਨ ਦੀ ਕੀਤੀ ਅਪੀਲ
ਜੰਮੂ-ਕਸ਼ਮੀਰ ਪੁਲਿਸ ਦੇ ਸ਼ਹੀਦ DSP ਹੁਮਾਯੂੰ ਭੱਟ ਨੂੰ ਬੁੱਧਵਾਰ ਰਾਤ ਬਡਗਾਮ ਜ਼ਿਲ੍ਹੇ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਅਤੇ ਡੀਜੀਪੀ ਦਿਲਬਾਗ ਸਿੰਘ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਹੁਮਾਯੂੰ ਦੱਖਣੀ ਕਸ਼ਮੀਰ ਦੇ ਤਰਾਲ ਦਾ ਰਹਿਣ ਵਾਲਾ ਸੀ। ਉਨ੍ਹਾਂ ਦਾ ਪਿਛਲੇ ਸਾਲ ਹੀ ਵਿਆਹ ਹੋਇਆ ਸੀ। ਉਨ੍ਹਾਂ ਦਾ 2 ਮਹੀਨੇ ਦਾ ਬੇਟਾ ਹੈ।
ਕਸ਼ਮੀਰ ‘ਚ ਪਿਛਲੇ ਤਿੰਨ ਸਾਲਾਂ ‘ਚ ਇਹ ਸਭ ਤੋਂ ਵੱਡਾ ਹਮਲਾ ਹੈ, ਜਿਸ ‘ਚ ਹੁਣ ਤੱਕ ਕਈ ਸੀਨੀਅਰ ਅਧਿਕਾਰੀ ਸ਼ਹੀਦ ਹੋਏ ਹਨ। ਇਸ ਤੋਂ ਪਹਿਲਾਂ 30 ਮਾਰਚ 2020 ਨੂੰ ਕਸ਼ਮੀਰ ਦੇ ਹੰਦਵਾੜਾ ਵਿੱਚ 18 ਘੰਟੇ ਚੱਲੇ ਹਮਲੇ ਵਿੱਚ ਕਰਨਲ, ਮੇਜਰ ਅਤੇ ਸਬ-ਇੰਸਪੈਕਟਰ ਸਮੇਤ ਪੰਜ ਅਧਿਕਾਰੀ ਸ਼ਹੀਦ ਹੋ ਗਏ ਸਨ। ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਜੰਮੂ-ਕਸ਼ਮੀਰ ‘ਚ 40 ਅੱਤਵਾਦੀ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਸਿਰਫ਼ 8 ਸਥਾਨਕ ਸਨ ਅਤੇ ਬਾਕੀ ਸਾਰੇ ਵਿਦੇਸ਼ੀ ਸਨ।
ਵੀਡੀਓ ਲਈ ਕਲਿੱਕ ਕਰੋ -: