ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕਤਸਰ-ਕੋਟਕਪੂਰਾ ਰੋਡ ‘ਤੇ ਪੈਂਦੀ ਨਹਿਰ ‘ਚ ਇੱਕ ਨਿੱਜੀ ਬੱਸ ਦੇ ਹਾਦਸਗ੍ਰਸਤ ਹੋਣ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਮੈਂ ਪਲ-ਪਲ ਦੀ ਅਪਡੇਟ ਲੈ ਰਿਹਾ ਹਾਂ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਭ ਦੀ ਤੰਦਰੁਸਤੀ ਸਲਾਮਤੀ ਦੀ ਕਾਮਨਾ ਕੀਤੀ।
ਦੱਸ ਦੇਈਏ ਕਿ ਮੁਕਤਸਰ ਕੋਟਕਪੂਰਾ ਰੋਡ ‘ਤੇ ਅੱਜ ਯਾਤਰੀਆਂ ਨਾਲ ਭਰੀ ਹੋਈ ਬੱਸ ਨਹਿਰ ਵਿਚ ਜਾ ਡਿੱਗੀ ਹੈ। ਮਿਲੀ ਜਾਣਕਾਰੀ ਮੁਤਾਬਕ ਬੱਸ ਵਿਚ ਲਗਭਗ 45 ਯਾਤਰੀ ਸਵਾਰ ਸਨ। ਖਬਰ ਹੈ ਕਿ ਮੁਕਤਸਰ ਤੋਂ ਕੋਟਕਪੂਰਾ ਜਾ ਰਹੀ ਪ੍ਰਾਈਵੇਟ ਬੱਸ ਝਬੇਲਵਾਲੀ ਪਿੰਡ ਕੋਲ ਨਹਿਰ ਵਿਚ ਜਾ ਡਿੱਗੀ। ਭਾਰੀ ਮੀਂਹ ਤੇ ਤੇਜ਼ ਰਫਤਾਰ ਹੋਣ ਕਾਰਨ ਬੱਸ ਨਹਿਰ ਵਿਚ ਡਿੱਗ ਗਈ।
ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਨੇ 5 ਦਿਨ ਪਹਿਲਾਂ ਹੋਈ ਸਾਢੇ 3 ਕਰੋੜ ਦੀ ਚੋਰੀ ਦੀ ਸੁਲਝਾਈ ਗੁੱਥੀ, 4 ਮੁਲਜ਼ਮ ਗ੍ਰਿਫਤਾਰ
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਵਿਧਾਇਕ ਕਾਕਾ ਬਰਾੜ ਵੀ ਮੌਕੇ ‘ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਬੱਸ ਨੂੰ ਬਾਹਰ ਕੱਢਣ ਲਈ ਯਤਨ ਜਾਰੀ ਹਨ। ਐੱਸਐੱਸਪੀ ਹਰਮਨਬੀਰ ਗਿੱਲ ਨੇ ਪੰਜ ਮੌਤਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ 35 ਸਵਾਰੀਆਂ ਨੂੰ ਬਚਾ ਲਿਆ ਗਿਆ ਹੈ ਤੇ ਜਿਹੜੇ ਰੁੜ੍ਹ ਗਏ ਹਨ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਵਾਪਰੇ ਇਸ ਹਾਦਸੇ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਥਾਪਿਤ ਕੰਟਰੋਲ ਰੂਮ ਦਾ ਹੈਲਪਲਾਈਨ ਨੰਬਰ 01633-262175 ਜਾਰੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਨਹਿਰ ਦੇ ਪੁਲ਼ ‘ਤੇ ਲੱਗੇ ਲੋਹੇ ਦੇ ਐਂਗਲਾਂ ‘ਚ ਵੱਜਣ ਕਾਰਨ ਬੱਸ ਦਾ ਅੱਧਾ ਹਿੱਸਾ ਨਹਿਰ ‘ਚ ਜਾ ਲਟਕਿਆ ਜਦਕਿ ਅੱਧਾ ਹਿੱਸਾ ਬਾਹਰ ਪੁੱਲ ਉਪਰ ਰਹਿ ਗਿਆ। ਇਸ ਘਟਨਾ ਦਾ ਪਤਾ ਲੱਗਣ ‘ਤੇ ਲੋਕ ਵੱਡੀ ਗਿਣਤੀ ‘ਚ ਉੱਥੇ ਇਕੱਠੇ ਹੋ ਗਏ। ਦੂਜੇ ਪਾਸੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਚੁੱਕੇ ਹਨ ਤੇ ਬੱਸ ‘ਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: