ਜਲੰਧਰ ਵਿਚ ਸ਼ਰਾਬੀ ਪਿਓ ਨੇ 3 ਧੀਆਂ ਦਾ ਕਤਲ ਕਰ ਦਿੱਤਾ। ਇਸ ਦੇ ਬਾਅਦ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਲੋਹੇ ਦੇ ਟਰੱਕ ਵਿਚ ਪਾ ਦਿੱਤੀਆਂ ਤੇ ਫਿਰ ਉਸ ਨੂੰ ਘਰ ਦੇ ਬਾਹਰ ਸੁੱਟ ਦਿੱਤਾ। ਤਿੰਨੋਂ ਭੈਣਾਂ ਐਤਵਾਰ ਰਾਤ 8 ਵਜੇ ਤੋਂ ਲਾਪਤਾ ਸਨ।
ਮਾਮਲੇ ਦੀ ਸੂਚਨਾ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਪਿਤਾ ਨੂੰ ਹਿਰਾਸਤ ਵਿਚ ਲੈ ਲਿਆ। ਮੁਲਜ਼ਮ ਪਿਤਾ ਦੀ ਪਛਾਣ ਸੁਨੀਲ ਮੰਡਲ ਵਾਸੀ ਕਾਹਨਪੁਰ (ਜਲੰਧਰ) ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਨੀਲ ਮੰਡਲ ਨੇ ਕਸਟੱਡੀ ਵਿਚ ਪੁੱਛਗਿਛ ਦੌਰਾਨ ਆਪਣਾ ਗੁਨਾਹ ਕਬੂਲ ਕਰਦੇ ਹੋਏ ਕਿਹਾ ਕਿ ਉਸ ਨੇ ਗਰੀਬੀ ਤੋਂ ਤੰਗ ਆ ਕੇ ਆਪਣੀਆਂ ਧੀਆਂ 9 ਸਾਲ ਦੀ ਅੰਮ੍ਰਿਤਾ ਕੁਮਾਰੀ 7 ਸਾਲ ਦੀ ਕੰਚਨ ਕੁਮਾਰੀ ਤੇ 3 ਸਾਲ ਦੀ ਵਾਸੂ ਨੂੰ ਮੌਤ ਦੇ ਘਾਟ ਉਤਾਰਿਆ। ਸੁਨੀਲ ਮੰਡਲ ਨੇਸ਼ੇ ਦਾ ਆਦੀ ਹੈ ਤੇ ਅਕਸਰ ਸ਼ਰਾਬ ਦੇ ਨਸ਼ੇ ਵਿਚ ਰਹਿੰਦਾ ਹੈ। ਸੁਨੀਲ ਮੰਡਲ ਦੇ 5 ਬੱਚੇ ਹਨ।
ਐੱਸਐੱਸਪੀ ਦਿਹਾਤੀ ਮੁਖਵਿੰਦਰ ਸਿੰਘ ਭੁਲਤੀਲਰ ਨੇ ਕਿਹਾ ਕਿ ਤਿੰਨੋਂ ਸਗੀਆਂ ਭੈਣਾਂ ਦੇ ਸਰੀਰ ‘ਤੇ ਕੋਈ ਮਾਰਕੁੱਟ ਦਾ ਨਿਸ਼ਾਨ ਨਹੀਂ ਮਿਲਿਆ ਹੈ। ਪੁਲਿਸ ਮੈਡੀਕਲ ਬੋਰਡ ਤੋਂ ਤਿੰਨਾਂ ਦਾ ਪੋਸਟਮਾਰਟਮ ਕਰਵਾ ਰਹੀ ਹੈ। ਐਤਵਾਰ ਨੂੰ ਸੁਨੀਲ ਮੰਡਲ ਦੀਆਂ ਤਿੰਨੇ ਧੀਆਂ ਅਚਾਨਕ ਲਾਪਤਾ ਹੋ ਗਈਆਂ ਸਨ। ਮਕਾਨ ਮਾਲਕ ਨੇ ਰਾਤ 11 ਵਜੇ ਪੁਲਿਸ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਰਾਤ ਨੂੰ ਪੁਲਿਸ ਮੌਕੇ ‘ਤੇ ਵੀ ਆਈ ਸੀ ਅਤੇ ਮੁਹੱਲੇ ਵਾਲਿਆਂ ਨੇ ਉਨ੍ਹਾਂ ਨੂੰ ਲੱਭਿਆ ਪਰ ਕੁਝ ਪਤਾ ਨਹੀਂ ਲੱਗਾ। ਸਵੇਰੇ ਪਿਤਾ ਇਕ ਟਰੰਕ ਬਾਹਰ ਕੱਢ ਰਿਹਾ ਸੀ ਜਿਸ ਵਿਚ ਲੋਕਾਂ ਨੇ ਦੇਖਿਆ ਤਾਂ ਤਿੰਨੋਂ ਬੱਚੀਆਂ ਦੀਆਂ ਲਾਸ਼ਾਂ ਪਈਆਂ ਸਨ। ਪਿਤਾ ਨੇ ਕਿਹਾ ਕਿ ਤਿੰਨਾਂ ਦੀ ਟਰੰਕ ਵਿਚ ਮੌਤ ਹੋ ਗਈ ਹੈ।
ਥਾਣਾ ਮਕਸੂਦਾਂ ਦੇ ਏਐੱਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਸੁਨੀਲ ਮੰਡਲ ਤੇ ਮੰਜੂ ਮੰਡਲ ਦੇ 5 ਬੱਚੇ ਹਨ। ਪਿਤਾ ਨੇ ਪਹਿਲਾਂ ਕਿਹਾ ਸੀ ਕਿ ਰਾਤ 8 ਵਜੇ ਉਹ ਘਰ ਪਰਤੇ ਤਾਂ ਬੱਚੀਆਂ ਨਹੀਂ ਮਿਲੀਆਂ। ਉਨ੍ਹਾਂ ਨੇ ਰਾਤ ਵਿਚ ਲੱਭਿਆ ਪਰ ਪਤਾ ਨਹੀਂ ਲੱਗਾ। ਪਿਤਾ ਨੇ ਕਿਹਾ ਕਿ ਉਹ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕੰਮ ‘ਤੇ ਗਿਆ ਸੀ।
ਦੂਜੇ ਪਾਸੇ ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਸੁਨੀਲ ਮੰਡਲ ਅਕਸਰ ਆਪਣੇ ਪਰਿਵਾਰ ਵਿਚ ਝਗੜਾ ਕਰਦਾ ਸੀ ਤੇ ਉਨ੍ਹਾਂ ਨਾਲ ਮਾਰਕੁੱਟ ਵੀ ਕਰਦਾ ਸੀ। ਮਕਾਨ ਮਾਲਕ ਨੇ ਦੱਸਿਆ ਕਿ ਉਸਨੂੰ ਦੋ ਮਹੀਨੇ ਪਹਿਲਾਂ ਘਰ ਕਿਰਾਏ ‘ਤੇ ਦਿੱਤਾ ਸੀ ਪਰ ਉਸ ਦੇ ਰਵੱਈਏ ਨੂੰ ਦੇਖਦੇ ਹੋਏ ਉਸ ਨੂੰ ਕਮਰਾ ਖਾਲੀ ਕਰਨ ਲਈ ਕਿਹਾ ਗਿਆ ਸੀ।