ਜਲੰਧਰ ‘ਚ ਨਸ਼ੇ ਖਿਲਾਫ ਠੀਕਰੀ ਪਹਿਰਾ ਦੇ ਰਹੇ ਪਿੰਡ ਵਾਲਿਆਂ ‘ਤੇ ਤਸਕਰਾਂ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿਰੋਧ ਵਿੱਚ ਭੜਕੇ ਲੋਕਾਂ ਨੇ ਸ਼ਾਹਕੋਟ ਥਾਣੇ ਦੇ ਬਾਹਰ ਧਰਨਾ ਲਾ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਵਾਲੇ ਹਮਲਾਵਰਾਂ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਪਰ ਫਿਰ ਵੀ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ। ਹੁਣ ਤੱਕ ਸਿਰਫ਼ ਨਸ਼ਾ ਵੇਚਣ ਵਾਲੇ ਪਿਓ-ਪੁੱਤ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਿੱਛੇ ਜਿਹੇ ਪਿੰਡ ਦੇ ਲੋਕਾਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਉਨ੍ਹਾਂ ਸ਼ਾਹਕੋਟ ਪੁਲਿਸ ਨੂੰ 2 ਅਕਤੂਬਰ ਤੱਕ ਗੋਲੀ ਚਲਾਉਣ ਵਾਲੇ ਨਸ਼ਾ ਤਸਕਰਾਂ ਨੂੰ ਫੜਨ ਦਾ ਅਲਟੀਮੇਟਮ ਦਿੱਤਾ ਸੀ। ਲੋਕਾਂ ਨੇ ਕਿਹਾ ਸੀ ਕਿ ਜੇ 2 ਅਕਤੂਬਰ ਤੱਕ ਦੋਸ਼ੀ ਨਾ ਫੜੇ ਗਏ ਤਾਂ 3 ਅਕਤੂਬਰ ਨੂੰ ਥਾਣੇ ਦਾ ਘਿਰਾਓ ਕਰ ਕੇ ਪੱਕਾ ਮੋਰਚਾ ਲਾਉਣਗੇ। ਆਪਣੇ ਅਲਟੀਮੇਟਮ ਮੁਤਾਬਕ ਉਨ੍ਹਾਂ ਨੇ ਥਾਣੇ ਦੇ ਬਾਹਰ ਧਰਨਾ ਦਿੱਤਾ।
ਲੋਕਾਂ ਨੇ ਥਾਣੇ ਦੇ ਬਾਹਰ ਸੜਕ ’ਤੇ ਟੈਂਟ ਲਾ ਲਏ ਹਨ ਅਤੇ ਸੜਕ ’ਤੇ ਦਰੀਆਂ ਵਿਛਾ ਕੇ ਬੈਠ ਗਏ ਹਨ। ਲੋਕਾਂ ਦੇ ਰੋਸ ਕਾਰਨ ਸੜਕ ’ਤੇ ਜਾਮ ਦੀ ਸਥਿਤੀ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵਾਰ-ਵਾਰ ਦਿਲਾਸੇ ਦੇ ਰਹੀ ਹੈ ਪਰ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੁਲਿਸ ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ਨੂੰ ਦਿਖਾਵੇ, ਤਾਂ ਹੀ ਉਹ ਧਰਨਾ ਹਟਾਉਣਗੇ।
ਹਾਲ ਹੀ ‘ਚ ਸ਼ਾਹਕੋਟ ਦੇ ਪਿੰਡ ਬਾਊਪੁਰ ‘ਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਨਸ਼ਿਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਨਸ਼ਾ ਵਿਰੋਧੀ ਫਰੰਟ ਦਾ ਗਠਨ ਕਰਦਿਆਂ ਇਹ ਫੈਸਲਾ ਕੀਤਾ ਗਿਆ ਕਿ ਪਿੰਡ ਦੇ ਹਰ ਵਿਅਕਤੀ ਇਕੱਠੇ ਹੋ ਕੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ‘ਤੇ ਸ਼ਿਕੰਜਾ ਕੱਸਣ ਲਈ ਥਾਂ-ਥਾਂ ਪਹਿਰਾ ਦੇਣਗੇ। ਫੈਸਲੇ ਮੁਤਾਬਕ ਰਾਤ ਸਮੇਂ ਪਿੰਡ ਦੇ ਕੁਝ ਲੋਕ ਮੌਕੇ ‘ਤੇ ਪਹਿਰਾ ਦੇ ਰਹੇ ਸਨ ਤਾਂ ਬਾਈਕ ਸਵਾਰ ਦੋ ਨੌਜਵਾਨ ਉਨ੍ਹਾਂ ਦੇ ਨੇੜੇ ਆ ਗਏ। ਉਨ੍ਹਾਂ ਨੇ ਆਉਂਦੇ ਹੀ ਪਿੰਡ ਵਾਲਿਆਂ ‘ਤੇ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜ੍ਹੋ : CM ਮਾਨ ਨੇ ਗਵਰਨਰ ਨੂੰ ਕਰਜ਼ੇ ਦਾ ਦਿੱਤਾ ਕੱਲਾ-ਕੱਲਾ ਹਿਸਾਬ, ਬੋਲੇ- ‘ਪਿਛਲੀਆਂ ਸਰਕਾਰਾਂ ਦਾ ਵੀ ਭਰ ਰਹੇ ਹਾਂ’
ਹਾਲਾਂਕਿ ਗੋਲੀਆਂ ਚਲਦੇ ਹੀ ਮੌਕੇ ‘ਤੇ ਪਹਿਰਾ ਦੇ ਰਹੇ ਲੋਕ ਪਿੱਛੇ ਹਟ ਗਏ ਅਤੇ ਇਸ ਗੋਲੀਬਾਰੀ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਪਿੰਡ ਵਿੱਚ ਹੀ ਇੱਕ ਪਿਓ-ਪੁੱਤ ਨਸ਼ਾ ਵੇਚਦੇ ਹਨ। ਇਹ ਨੌਜਵਾਨ ਆਪਣੇ ਹੀ ਘਰੋਂ ਨਿਕਲਿਆ ਸੀ। ਇਸ ਮਗਰੋਂ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਸੜਕ ’ਤੇ ਧਰਨਾ ਲਾ ਦਿੱਤਾ। ਜਿਸ ਤੋਂ ਬਾਅਦ ਪੁਲਸ ਨੇ ਨਸ਼ਾ ਤਸਕਰ ਪਿਓ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਪਰ ਗੋਲੀ ਚਲਾਉਣ ਵਾਲਿਆਂ ਦਾ ਸੁਰਾਗ ਨਹੀਂ ਲਗਾ ਸਕੀ।
ਵੀਡੀਓ ਲਈ ਕਲਿੱਕ ਕਰੋ -: