ਹਿੰਡਨ ਤੋਂ ਬਾਅਦ ਹੁਣ ਬਠਿੰਡਾ ਤੋਂ ਦਿੱਲੀ ਲਈ ਉਡਾਣਾਂ ਸ਼ੁਰੂ ਹੋ ਰਹੀਆਂ ਹਨ । ਇਹ ਉਡਾਣ 9 ਅਕਤੂਬਰ ਤੋਂ ਸ਼ੁਰੂ ਹੋਵੇਗੀ । ਇਹ ਫਲਾਈਟ ਬਠਿੰਡਾ ਹਵਾਈ ਅੱਡੇ ਤੋਂ ਦੁਪਹਿਰ 3 ਵਜੇ ਦਿੱਲੀ ਲਈ ਰਵਾਨਾ ਹੋਵੇਗੀ ਤੇ ਇੱਕ ਘੰਟਾ 10 ਮਿੰਟ ਦੇ ਸਫ਼ਰ ਤੋਂ ਬਾਅਦ ਸ਼ਾਮ 4:10 ਵਜੇ ਦਿੱਲੀ ਪਹੁੰਚੇਗੀ । ਇਸ ਤੋਂ ਪਹਿਲਾਂ ਇਹ ਫਲਾਈਟ ਦੁਪਹਿਰ 1:25 ‘ਤੇ ਦਿੱਲੀ ਤੋਂ ਬਠਿੰਡਾ ਲਈ ਰਵਾਨਾ ਹੋਵੇਗੀ, ਜੋ ਦੁਪਹਿਰ 2:40 ਵਜੇ ਬਠਿੰਡਾ ਪਹੁੰਚੇਗੀ । ਇਸ ਵਾਰ ਅਲਾਇੰਸ ਏਅਰ ਵੱਲੋਂ ਬਠਿੰਡਾ ਤੋਂ ਦਿੱਲੀ ਦੇ ਲਈ ਉਡਾਣ ਚਲਾਈ ਜਾ ਰਹੀ ਹੈ।
ਕੰਪਨੀ ਵੱਲੋਂ 72 ਸੀਟਾਂ ਵਾਲੀ ਫਲਾਈਟ ਚਲਾਈ ਜਾਵੇਗੀ । ਇਸ ਦਾ ਸ਼ੁਰੂਆਤੀ ਕਿਰਾਇਆ 2 ਹਜ਼ਾਰ ਰੁਪਏ ਹੋਵੇਗਾ । ਇਸ ਤੋਂ ਬਾਅਦ ਜਿਵੇਂ-ਜਿਵੇਂ ਸੀਟਾਂ ਘਟਣਗੀਆਂ, ਕਿਰਾਇਆ ਵੀ ਵਧੇਗਾ। ਫਿਲਹਾਲ ਇਹ ਕਿਰਾਇਆ 2,520 ਰੁਪਏ ਹੋ ਗਿਆ ਹੈ । ਹੁਣ ਇਸ ਦੀਆਂ ਸੀਟਾਂ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਇਹ ਉਡਾਣ ਹਫ਼ਤੇ ਵਿੱਚ ਤਿੰਨ ਦਿਨ ਸਿਰਫ਼ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਚੱਲੇਗੀ । ਦੱਸ ਦੇਈਏ ਕਿ ਬਠਿੰਡਾ ਦਾ ਹਵਾਈ ਅੱਡਾ ਕੋਰੋਨਾ ਦੇ ਦੌਰ ਤੋਂ ਬੰਦ ਸੀ, ਜਿਸ ਨੂੰ ਸ਼ੁਰੂ ਕਰਵਾਉਣ ਲਈ ਲੋਕਾਂ ਵੱਲੋਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਬੀਤੇ ਮਹੀਨੇ ਦੀ 13 ਸਤੰਬਰ ਤੋਂ ਰੀਜਨਲ ਕਨੈਕਟੀਵਿਟੀ ਸਕੀਮ ਤਹਿਤ ਬਠਿੰਡਾ ਤੋਂ ਹਿੰਡਨ ਦੇ ਲਈ ਫਲਾਈਬਿਗ ਕੰਪਨੀ ਦੀ ਉਡਾਣ ਸ਼ੁਰੂ ਕੀਤੀ ਗਈ ਸੀ, ਜੋ ਕਿ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਸਿਰਫ਼ 17 ਸੀਟਾਂ ਸਨ।
ਹੁਣ ਬਠਿੰਡਾ ਤੋਂ ਹਿੰਡਨ ਦੀ ਉਡਾਣ ਤੋਂ ਬਾਅਦ ਦਿੱਲੀ ਲਈ ਉਡਾਣ ਸ਼ੁਰੂ ਹੋ ਗਈ ਹੈ ਅਤੇ ਭਵਿੱਖ ਵਿੱਚ ਜੰਮੂ ਲਈ ਉਡਾਣ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਜੰਮੂ ਲਈ ਉਡਾਣ ਕਦੋਂ ਸ਼ੁਰੂ ਹੋਵੇਗੀ ਇਸ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ। ਪਰ ਉਮੀਦ ਹੈ ਕਿ ਇਸ ਨੂੰ ਵੀ ਆਉਣ ਵਾਲੇ ਦੋ-ਤਿੰਨ ਮਹੀਨਿਆਂ ਵਿੱਚ ਚਾਲੂ ਕਰ ਦਿੱਤਾ ਜਾਵੇਗਾ। ਬਠਿੰਡਾ ਵਿੱਚ ਕੋਰੋਨਾ ਦੇ ਦੌਰ ਤੋਂ ਪਹਿਲਾਂ ਏਅਰ ਇੰਡੀਆ ਦੀਆਂ ਉਡਾਣਾਂ ਦਿੱਲੀ ਅਤੇ ਜੰਮੂ ਜਾਂਦੀਆਂ ਸਨ। ਦਿੱਲੀ ਲਈ ਉਡਾਣਾਂ ਹਫ਼ਤੇ ਵਿੱਚ ਤਿੰਨ ਦਿਨ ਅਤੇ ਜੰਮੂ ਲਈ ਉਡਾਣਾਂ ਹਫ਼ਤੇ ਵਿੱਚ ਸੱਤ ਦਿਨ ਚੱਲਦੀਆਂ ਸਨ।
ਦੱਸ ਦੇਈਏ ਕਿ ਹੁਣ ਦਿੱਲੀ ਲਈ ਉਡਾਣਾਂ ਸ਼ੁਰੂ ਹੋਣ ਨਾਲ ਕਾਰੋਬਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ । ਇਸ ਤੋਂ ਇਲਾਵਾ ਦਿੱਲੀ ਏਅਰਪੋਰਟ ਤੋਂ ਹੋਰ ਕਨੈਕਟਿੰਗ ਫਲਾਈਟ ਲੈਣ ਵਾਲਿਆਂ ਨੂੰ ਵੀ ਫਾਇਦਾ ਹੋਵੇਗਾ। ਜੇਕਰ ਟ੍ਰੇਨ ਜਾਂ ਬੱਸ ਰਾਹੀਂ ਸਫਰ ਕੀਤਾ ਜਾਂਦਾ ਹੈ ਤਾਂ ਦਿੱਲੀ ਦਾ ਸਫਰ 6 ਤੋਂ 7 ਘੰਟਿਆਂ ਦਾ ਹੈ। ਪਰ ਹੁਣ ਫਲਾਈਟ ਸ਼ੁਰੂ ਹੋਣ ਤੋਂ ਬਾਅਦ ਇਹ ਸਫਰ ਸਿਰਫ 1 ਘੰਟੇ ਦਾ ਹੋਵੇਗਾ । ਬਠਿੰਡਾ ਤੋਂ ਇਲਾਵਾ ਆਸ-ਪਾਸ ਦੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: