ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬਹੁਤ ਬੁੱਧੀਮਾਨ ਵਿਅਕਤੀ ਹਨ। ਸਾਡੇ ਉਨ੍ਹਾਂ ਨਾਲ ਬਹੁਤ ਚੰਗੇ ਰਾਜਨੀਤਿਕ ਰਿਸ਼ਤੇ ਹਨ । ਇੱਕ ਰਿਪੋਰਟ ਮੁਤਾਬਕ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ PM ਮੋਦੀ ਦੀ ਅਗਵਾਈ ਵਿੱਚ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਇਹ ਦੋਵਾਂ ਦੇਸ਼ਾਂ ਦੇ ਹਿੱਤ ਵਿਚ ਹੈ।
ਵਿੱਤੀ ਸੁਰੱਖਿਆ ‘ਤੇ ਇੱਕ ਉਲੰਪੀਆਡ ਨੂੰ ਸੰਬੋਧਨ ਕਰਦੇ ਹੋਏ ਪੁਤਿਨ ਨੇ ਉਮੀਦ ਜਤਾਈ ਕਿ ਰੂਸ ਅਤੇ ਭਾਰਤ ਵਿੱਤੀ ਸੁਰੱਖਿਆ ਅਤੇ ਸਾਈਬਰ ਕ੍ਰਾਈਮ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨਗੇ। ਭਾਰਤ ਅਤੇ ਰੂਸ ਸਦੀਆਂ ਤੋਂ ਦੋਸਤ ਅਤੇ ਭਾਈਵਾਲ ਰਹੇ ਹਨ । ਦੋਹਾਂ ਦੇਸ਼ਾਂ ਨੇ ਜੋ ਏਜੰਡਾ ਸੈੱਟ ਕੀਤਾ ਹੈ, ਅਸੀਂ ਉਸਨੂੰ ਹਾਸਿਲ ਕਰਾਂਗੇ। ਪੁਤਿਨ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਕਰੀਬ ਇੱਕ ਮਹੀਨਾ ਪਹਿਲਾਂ ਭਾਰਤ ਨੇ G-20 ਸੰਮੇਲਨ ਦੌਰਾਨ ਨਵੀਂ ਦਿੱਲੀ ਡੈਕਲੇਰੇਸ਼ਨ ਵਿੱਚ ਯੂਕਰੇਨ ਵਿੱਚ ਸ਼ਾਂਤੀ ਸਥਾਪਤ ਕਰਨ ਦਾ ਜ਼ਿਕਰ ਕੀਤਾ ਸੀ । ਹਾਲਾਂਕਿ ਇਸ ਵਿੱਚ ਰੂਸ ‘ਤੇ ਜੰਗ ਦਾ ਦੋਸ਼ ਨਹੀਂ ਲੱਗਿਆ ਸੀ । ਮਾਸਕੋ ਨੇ ਇਸ ਘੋਸ਼ਣਾ ਪੱਤਰ ਅਤੇ G-20 ਦੀ ਭਾਰਤ ਦੀ ਪ੍ਰਧਾਨਗੀ ਦਾ ਸਮਰਥਨ ਕੀਤਾ ਸੀ।
ਇਹ ਵੀ ਪੜ੍ਹੋ: ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਬਣੇ ਪੰਜਾਬ ਦੇ ਨਵੇਂ AG, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪੁਤਿਨ ਨੇ ਭਾਰਤ ਜਾਂ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕੀਤੀ ਹੈ । ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਮੇਕ ਇਨ ਇੰਡੀਆ ਪ੍ਰੋਗਰਾਮ ਨੂੰ ਵਧਾਵਾ ਦੇਣ ਦੇ ਲਈ ਚੰਗਾ ਕੰਮ ਕਰ ਰਹੇ ਹਨ । ਵਲਾਦੀਵੋਸਤੋਕ ਵਿੱਚ 8ਵੇਂ ਈਸਟਰਨ ਇਕਨਾਮਿਕ ਫੋਰਮ (EEF) ਵਿੱਚ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਰੂਸੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਪਹਿਲਾਂ ਸਾਡੇ ਦੇਸ਼ ਵਿੱਚ ਕਾਰਾਂ ਨਹੀਂ ਬਣੀਆਂ ਸਨ, ਪਰ ਹੁਣ ਅਸੀਂ ਬਣਾ ਰਹੇ ਹਾਂ । ਇਹ ਸੱਚ ਹੈ ਕਿ ਉਹ ਔਡੀ ਅਤੇ ਮਰਸਡੀਜ਼ ਦੀ ਤੁਲਨਾ ਵਿੱਚ ਘੱਟ ਚੰਗੀ ਦਿਖਾਈ ਦਿੰਦੀ ਹੈ, ਪਰ ਇਹ ਕੋਈ ਸਮੱਸਿਆ ਨਹੀਂ ਹੈ । ਸਾਨੂੰ ਰੂਸ ਵਿੱਚ ਬਣੀਆਂ ਗੱਡੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸਹਿਯੋਗੀ ਦੇਸ਼ ਭਾਰਤ ਨੂੰ ਫੋਲੋ ਕਰਨਾ ਚਾਹੀਦਾ ਹੈ । ਉਹ ਦੇਸ਼ ਵਿੱਚ ਹੀ ਵਾਹਨ ਬਣਾ ਰਹੇ ਹਨ ਅਤੇ ਵਰਤ ਰਹੇ ਹਨ । ਸਾਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਕਿਸ ਸ਼੍ਰੇਣੀ ਦੇ ਅਧਿਕਾਰੀ ਕਿਹੜੀਆਂ ਕਾਰਾਂ ਚਲਾ ਸਕਦੇ ਹਨ, ਇਸ ਨਾਲ ਉਹ ਘਰੇਲੂ ਕਾਰਾਂ ਦੀ ਵਰਤੋਂ ਕਰਨਗੇ । ਇਸ ਤੋਂ ਪਹਿਲਾਂ ਜੂਨ ਵਿੱਚ ਪੁਤਿਨ ਨੇ ਕਿਹਾ ਸੀ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਕੰਪਨੀਆਂ ਨੂੰ ਅਪਣੇ ਦੇਸ਼ ਵਿੱਚ ਆਉਣ ਅਤੇ ਕੰਮ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: