ਪੰਚਾਇਤ ਵਿਭਾਗ ਵਿਚ 121 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਲੁਧਿਆਣਾ ਬਲਾਕ-ਦੋ ਅਧੀਨ ਆਉਣ ਵਾਲੀਆਂ ਕਈ ਪੰਚਾਇਤਾਂ ਦੇ ਸਰਪੰਚਾਂ, ਅਧਿਕਾਰੀਆਂ ਦੀ ਮਿਲੀਭੁਗਤ ਕਰਕੇ ਐਕੁਆਇਰ ਕੀਤੀ ਜ਼ਮੀਨ ਦੇ ਬਦਲੇ ਮਿਲੀ ਕਰੋੜਾਂ ਦੀ ਰਾਸ਼ੀ ਬਿਨਾਂ ਮਨਜ਼ੂਰੀ ਦੇ ਮਨਮਾਨੇ ਢੰਗ ਨਾਲ ਖਰਚ ਕੀਤੀ ਗਈ। ਵਿਭਾਗੀ ਜਾਂਚ ਵਿੱਚ ਖੁਲਾਸੇ ਤੋਂ ਬਾਅਦ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸ਼ੁੱਕਰਵਾਰ ਨੂੰ 4 ਬੀਡੀਪੀਓ, 6 ਪੰਚਾਇਤ ਸਕੱਤਰ ਅਤੇ 6 ਸਰਪੰਚਾਂ ਨੂੰ ਤੁਰੰਤ ਚਾਰਜਸ਼ੀਟ ਕਰਨ ਦੇ ਹੁਕਮ ਦਿੱਤੇ ਹਨ।
ਕੇਸ ਵਿਜੀਲੈਂਸ ਨੂੰ ਜਾਂਚ ਲਈ ਸੌਂਪਿਆ ਗਿਆ ਹੈ। ਦੂਜੇ ਪਾਸੇ ਬਿਨਾਂ ਮਨਜ਼ੂਰੀ ਤੋਂ ਖਰਚ ਕੀਤੀ ਗਈ ਰਕਮ ਵੀ ਉਕਤ ਅਧਿਕਾਰੀਆਂ ਤੇ ਸਰਪੰਚਾਂ ਕੋਲੋਂ ਵਸੂਲੀ ਜਾਵੇਗੀ। ਜਾਂਚ ਵਿਚ ਸਹਿਯੋਗ ਨਾ ਕਰਨ ਵਾਲੇ ਚਾਰ ਨਿੱਜੀ ਬੈਂਕਾਂ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਹੈ। ਇਨ੍ਹਾਂ ਬੈਂਕਾਂ ਤੋਂ ਤੁਰੰਤ ਪੰਚਾਇਤਾਂ ਦਾ ਫੰਡ ਕਢਵਾ ਕੇ ਨਿਰਧਾਰਤ ਬੈਂਕ ਵਿਚ ਜਮ੍ਹਾ ਕਰਵਾਇਆ ਜਾਵੇਗਾ। ਬੈਂਕ ਮੈਨੇਜਰਾਂ ਖਿਲਾਫ ਕਾਰਵਾਈ ਲਈ ਸਬੰਧਤ ਡੀਜੀਐੱਮ ਨੂੰ ਲਿਖਿਆ ਗਿਆ ਹੈ।
ਬਲਾਕ ਲੁਧਿਆਣਾ-2 ਅਧੀਨ ਆਉਂਦੇ ਪਿੰਡ ਸਲੇਮਪੁਰ, ਸੇਖੇਵਾਲ, ਸੇਲਕਿਆਣਾ, ਬੌਂਕੜ ਗੁੱਜਰਾਂ, ਕੜਿਆਣਾ ਖੁਰਦ ਤੇ ਧਨਾਨਸੂ ਦੀ ਸੈਂਕੜੇ ਏਕੜ ਜ਼ਮੀਨ ਐਕਵਾਇਰ ਹੋਈ ਸੀ। ਅਜਿਹੇ ਵਿਚ ਇਨ੍ਹਾਂ ਗ੍ਰਾਮ ਪੰਚਾਇਤਾਂ ਨੂੰ 252.94 ਕਰੋੜ ਰੁਪਏ ਦੀ ਐਵਾਰਡ ਰਕਮ ਪ੍ਰਾਪਤ ਹੋਈ ਸੀ ਪਰ ਵਿਭਾਗ ਦੇ ਕੁਝ ਭ੍ਰਿਸ਼ਟ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਸਰਪੰਚਾਂ ਨਾਲ ਮਿਲ ਕੇ ਇਸ ਰਕਮ ਵਿਚੋਂ 120.87 ਕਰੋੜ ਰੁਪਏ ਕਢਵਾ ਲਏ। ਜਦੋਂ ਮਾਮਲਾ ਮੰਤਰੀ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਾਉਣ ਦਾ ਹੁਕਮ ਦਿੱਤਾ ਸੀ।
ਜੁਆਇੰਟ ਡਾਇਰੈਕਟਰ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿਚ ਜਾਂਚ ਟੀਮ ਬਣਾਈ ਗਈ। ਜਾਂਚ ਵਿਚ ਪਤਾ ਲੱਗਾ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ, ਪੰਚਾਇਤ ਸਕੱਤਰਾਂਤੇ ਸਰਪੰਚਾਂ ਨੇ ਆਪਸੀ ਮਿਲੀਭੁਗਤ ਨਾਲ ਆਪਣੇ ਪੱਧਰ ‘ਤੇ ਹੀ ਐੱਫਡੀ ਤੋੜ ਕੇ 120.87 ਕਰੋੜ ਰੁਪਏ ਦੀ ਰਕਮ ਕਢਵਾਈ ਤੇ ਬਿਨਾਂ ਪ੍ਰਸ਼ਾਸਨਿਕ ਤੇ ਤਕਨੀਕੀ ਮਨਜ਼ੂਰੀ ਤੋਂ ਇਹ ਰਕਮ ਆਪਣੀ ਮਨਮਰਜ਼ੀ ਨਾਲ ਖਰਚ ਕਰ ਦਿੱਤੀ।
ਵਿਭਾਗ ਵੱਲੋਂ ਜਾਰੀ ਪਾਲਿਸੀ ਤੇ ਹਦਾਇਤਾਂ ਮੁਤਾਬਕ ਜਦੋਂ ਕਿਸੇ ਗ੍ਰਾਮ ਪੰਚਾਇਤ ਨੂੰ ਉਸ ਦੀ ਜ਼ਮੀਨ ਐਕਵਾਰ ਹੋਣ ‘ਤੇ ਐਵਾਰਡ ਰਕਮ ਹਾਸਲ ਹੁੰਦੀ ਹੈ ਤਾਂ ਅਜਿਹੀ ਰਕਮ ਸਟੇਟ ਬੈਂਕ ਆਫ ਇੰਡੀਆ ਵਿਚ ਐੱਫਡੀ ਵਜੋਂ ਜਮ੍ਹਾ ਕਰਵਾਈ ਜਾਣੀ ਹੁੰਦੀ ਹੈ। ਬਿਨਾਂਸਰਕਾਰ ਦੀ ਮਨਜ਼ੂਰੀ ਤੋਂ ਅਜਿਹੀ ਐੱਫਡੀ ਨੂੰ ਤੋੜਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਸਿਰਫ ਇਸ ਐੱਫਡੀ ਤੋਂ ਪ੍ਰਾਪਤ ਵਿਆਜ ਨੂੰ ਹੀ ਤਕਨੀਕੀ ਅਧਿਕਾਰੀਆਂ ਦੀ ਸਲਾਹ ਨਾਲ ਪ੍ਰਸ਼ਾਸਨਿਕ ਤੇ ਤਕਨੀਕੀ ਮਨਜ਼ੂਰੀ ਲੈਣ ਦੇ ਬਾਅਦ ਪਿੰਡ ਦੇ ਵਿਕਾਸ ਕੰਮਾਂ ‘ਤੇ ਖਰਚ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਵੇਗਾ ਵਾਧਾ! ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਵੱਡਾ ਬਿਆਨ
ਬਲਾਕ ਵਿਕਾਸ ਤੇ ਪੰਚਾਇਤ ਅਫਸਰ ਰੁਪਿੰਦਰਜੀਤ ਕੌਰ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮਾਂਗਟ ਤੇ ਸਿਮਰਤ ਕੌਰ, ਪੰਚਾਇਤ ਸਕੱਤਰ ਗੁਰਮੇਲ ਸਿੰਘ, ਹਰਪਾਲ ਸਿੰਘ ਰੰਧਾਵਾ, ਬੱਗਾ ਸਿੰਘ, ਜਸ਼ਨਦੀਪ ਚੰਦੇਲ, ਹਰਪਾਲ ਸਿੰਘ ਸਹਿਜੋਮਾਜਰਾ ਤੇ ਹਰਜੀਤ ਸਿੰਘ ਮਲਹੋਤਰਾ ਤੇ ਸਰਪੰਚ ਧਨਾਨਸੂ ਸੌਦਾਗਰ ਸਿੰਘ, ਸਰਪੰਚ ਸਲੇਮਪੁਰ ਨੇਹਾ, ਸਰਪੰਚ ਸੇਖੇਵਾਲ ਅਮਰੀਕ ਕੌਰ, ਸਰਪੰਚ ਬੌਂਕੜ ਗੁੱਜਰਾਂ ਮੁਖਤਿਆਰ ਸਿੰਘ, ਅਧਿਕਾਰਤ ਪੰਚ ਬੌਂਕੜ ਗੁੱਜਰਾਂ ਗੁਰਚਰਨ ਸਿੰਘ, ਸਰਪੰਚ ਸੇਲਕਿਆਣਾ ਹਰਪ੍ਰੀਤ ਕੌਰ ਤੇ ਸਰਪੰਚ ਕੜਿਆਣਾ ਖੁਰਦ ਰਜਿੰਦਰ ਕੌਰ ਨੂੰ ਤੁਰੰਤ ਚਾਰਜਸ਼ੀਟ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: