ਜਿਥੇ ਇਕ ਪਾਸੇ ਦੇਸ਼ ਵਿਚ ਦੁਸਹਿਰੇ ਵਾਲੇ ਦਿਨ ਰਾਵਣ ਨਾਲ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਜਾਂਦੇ ਹਨ ਉਥੇ ਦੂਜੇ ਪਾਸੇ ਲੁਧਿਆਣਾ ਦੇ ਸ਼ਹਿਰ ਪਾਇਲ ਵਿਚ ਚਾਰ ਵੇਦਾਂ ਦੇ ਗਿਆਤਾ ਰਾਵਣ ਨੂੰ ਸਾੜਿਆ ਨਹੀਂ ਜਾਂਦਾ ਸਗੋਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪੂਜਾ ਪੂਰੇ ਦਿਨ ਚੱਲਦੀ ਰਹਿੰਦੀ ਹੈ। ਇਥੇ ਪੌਣੇ 200 ਸਾਲ ਪੁਰਾਣਾ ਰਾਵਣ ਦਾ ਮੰਦਰ ਹੈ।
ਜਾਣਕਾਰਾਂ ਦੀ ਮੰਨੀਏ ਤਾਂ ਇਹ ਪ੍ਰਥਾ 1835 ਤੋਂ ਚੱਲਦੀ ਆ ਰਹੀ ਹੈ। ਇਸ ਪਰੰਪਰਾ ਨੂੰ ਦੂਬੇ ਪਰਿਵਾਰ ਹਰ ਸਾਲ ਦੁਸਹਿਰੇ ਮੌਕੇ ਪਾਇਲ ਆ ਕੇ ਪਿਛਲੀਆਂ ਸੱਤ ਪੁਸ਼ਤਾਂ ਤੋਂ ਨਿਭਾਅ ਰਿਹਾ ਹੈ। ਇਸ ਬਿਰਾਦਰੀ ਦੇ ਲੋਕ ਦੇਸ਼-ਵਿਦੇਸ਼ ਤੋਂ ਇਥੇ ਆ ਕੇ ਰਾਮਲੀਲਾ ਤੇ ਦੁਸਹਿਰਾ ਮੇਲੇ ਦਾ ਆਯੋਜਨ ਕਰਦੇ ਹਨ। ਰਾਵਨ ਦੀ ਪੂਜਾ ਕਰਦੇ ਹਨ, ਇਸ ਦੇ ਨਾਲ ਇਥੇ ਬਣੇ 178 ਸਾਲ ਪੁਰਾਣੇ ਮੰਦਰ ਵਿਚ ਭਗਵਾਨ ਸ਼੍ਰੀਰਾਮ ਚੰਦਰ ਤੇ ਲਕਸ਼ਮਣ, ਹਨੂੰਮਾਨ ਤੇ ਸੀਤਾ ਮਾਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ।
ਦੂਬੇ ਪਰਿਵਾਰ ਦੇ ਮੈਂਬਰ ਵਿਨੋਦ ਦੂਬੇ ਤੇ ਅਖਿਲ ਪ੍ਰਕਾਸ਼ ਦੂਬੇ ਨੇ ਦੱਸਿਆ ਕਿ ਸਾਡੇ ਪੁਰਖੇ ਬੀਰਬਲ ਦਾਸ ਦੇ ਸੰਤਾਨ ਨਹੀਂ ਸੀ, ਜਿਨ੍ਹਾਂ ਪਾਇਲ ਸ਼ਹਿਰ ਛੱਡ ਕੇ ਹਰਿਦੁਆਰ ਵੱਲ ਕੂਚ ਕਰ ਦਿੱਤਾ। ਰਸਤੇ ਵਿੱਚ ਇੱਕ ਸਾਧੂ ਨੇ ਸੰਤਾਨ ਦੀ ਇੱਛਾ ਪ੍ਰਾਪਤੀ ਦਾ ਹੱਲ ਦੱਸਦੇ ਕਿਹਾ ਕਿ ਜਾ ਕੇ ਰਾਮਲੀਲਾ ਕਰੋ ਤੇ ਦੁਸਹਿਰਾ ਮਨਾਓ। ਉਨ੍ਹਾਂ ਪਾਇਲ ਆ ਕੇ ਰਾਮਲੀਲਾ ਕਰਵਾਈ ਤੇ ਅਗਲੇ ਸਾਲ ਦੇ ਦੁਸਹਿਰੇ ਤੋਂ ਪਹਿਲਾਂ ਪਹਿਲੀ ਸੰਤਾਨ ਦੀ ਪ੍ਰਾਪਤੀ ਹੋਈ।
ਇਸੇ ਤਰ੍ਹਾਂ ਉਨ੍ਹਾਂ ਦੇ ਚਾਰ ਪੁੱਤਰ ਪੈਦਾ ਹੋਏ ਜਿਨ੍ਹਾਂ ਦਾ ਨਾਮ ਹਕੀਮ ਅੱਛਰੂਦਾਸ ਦੂਬੇ, ਤੁਲਸੀਦਾਸ ਦੂਬੇ, ਪ੍ਰਭੂਦਿਆਲ ਦੂਬੇ ਤੇ ਨਰੈਣਦਾਸ ਦੂਬੇ ਸੀ ਜਿਨ੍ਹਾਂ ਨੂੰ ਅਸੀਂ ਰਾਮ, ਲਸ਼ਮਣ, ਸ਼ਤਰੂਘਣ ਤੇ ਭਰਤ ਵਜੋਂ ਮੰਨਦੇ ਹਾਂ। ਦੂਜਾ ਪੁਰਖਿਆਂ ਦੇ ਘਰ ਸੰਤਾਨ ਦਾ ਪੈਦਾ ਹੋਣਾ ਸਾਡੇ ਦੂਬੇ ਪਰਿਵਾਰ ਲਈ ਦੁਸਹਿਰੇ ਮੌਕੇ ਪੂਜਾ ਅਰਚਨਾ ਕਰਨ ਦਾ ਜਰੀਆ ਬਣਿਆ, ਜੋ ਅੱਜ ਤੱਕ ਨਿਰਵਿਘਨ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 50 PCS ਅਧਿਕਾਰੀਆਂ ਦੇ ਕੀਤੇ ਤਬਾਦਲੇ, ਪੜ੍ਹੋ ਲਿਸਟ
ਪਾਇਲ ਵਿਚ ਰਾਵਣ ਦੀ 25 ਫੁੱਟ ਦੀ ਵਿਸ਼ਾਲ ਮੂਰਤੀ ਸਥਾਪਤ ਹੈ ਜਿਥੇ 1835 ਤੋਂ ਦੁਬੇ ਵੰਸ਼ਜਾਂ ਵੱਲੋਂ ਵਿਜੇ ਦਸ਼ਮੀ ‘ਤੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਖੂਨ ਦਾ ਤਿਲਕ ਲਗਾ ਕੇ ਮੱਥਾ ਟੇਕਦੇ ਹਨ। ਦੁਸਹਿਰੇ ਤੋਂ ਪਹਿਲਾਂ ਵਿਧੀਪੂਰਵਕ ਰਾਮਲੀਲਾ ਵੀ ਕੀਤੀ ਜਾਂਦੀ ਹੈ। ਲੋਕ ਦੁਸਹਿਰੇ ਨੂੰ ਇਥੇ ਆ ਕੇ ਰਾਵਣ ਦੀ ਪੂਜਾ ਕਰਦੇ ਹਨ। ਰਾਵਣ ਭਾਵੇਂ ਹੀ ਬੁਰਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਦੁਸਹਿਰੇ ‘ਤੇ ਉਸਦੇ ਪੁਤਲੇ ਸਾੜੇ ਜਾਂਦੇ ਹਨ ਪਰ ਇਥੇ ਅੱਜ ਦੇ ਦਿਨ ਭਗਵਾਨ ਸ਼੍ਰੀਰਾਮ ਦੇ ਨਾਲ ਰਾਵਣ ਨੂੰ ਵੀ ਪੂਜਿਆ ਜਾਂਦਾ ਹੈ।