ਤਰਨਤਾਰਨ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਵੱਲੋਂ 2 ਕਿਲੋ ਹੈਰੋਇਨ ਸਣੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਭਾਰਤ-ਪਾਕਿ ਸਰਹੱਦ ਨੇੜਿਓਂ ਹੋਈ ਦੱਸੀ ਜਾ ਰਹੀ ਹੈ। ਉਕਤ ਜਾਣਕਾਰੀ DGP ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਹੈ। ਇਹ ਵੀ ਖਬਰ ਹੈ ਕਿ ਪੁਲਿਸ ਨਾਲ ਮੁਕਾਬਲੇ ਦੌਰਾਨ ਇਕ ਤਸਕਰ ਜ਼ਖਮੀ ਵੀ ਹੋ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕਾਬਲੇ ਦੌਰਾਨ ਜ਼ਖਮੀ ਤਸਕਰ ਦੇ ਪੈਰ ਵਿਚ ਗੋਲੀ ਲੱਗੀ ਹੈ।
DGP ਨੇ ਦੱਸਿਆ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ਾ ਆਉਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜ਼ਿਲ੍ਹੇ ਭਰ ‘ਚ ਚੌਕਸੀ ਵਧਾ ਦਿੱਤੀ ਗਈ। ਭਿੱਖੀਵਿੰਡ ਵੱਲ ਨਾਕਾਬੰਦੀ ਦੌਰਾਨ ਹਰੀਕੇ ਪੱਤਣ ਵੱਲ ਇਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਪੀਬੀ 471999 ਵਿੱਚ ਸਵਾਰ ਕੁਝ ਸ਼ੱਕੀ ਵਿਅਕਤੀਆਂ ਦੇ ਫਰਾਰ ਹੋਣ ਦੀ ਸੂਚਨਾ ਮਿਲੀ ਤਾਂ ਚੋਹਲਾ ਸਾਹਿਬ ਥਾਣੇ ਦੇ ਐਸਐਚਓ ਵਿਨੋਦ ਸ਼ਰਮਾ ਨੇ ਜੰਮੂ ਕਸ਼ਮੀਰ ਰਾਜਸਥਾਨ ਨੈਸ਼ਨਲ ਹਾਈਵੇਅ ’ਤੇ ਨਾਕਾਬੰਦੀ ਕਰ ਦਿੱਤੀ।
ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਅਰਸ਼ ਪਿੰਡ ਨੂਰਪੁਰ, ਰਾਜਪ੍ਰੀਤ ਸਿੰਘ ਰਾਜ ਵਾਸੀ ਪਿੰਡ ਮੱਲਕੇ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਹੈ ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –