ਅਗਲੇ ਹਫਤੇ ਤੋਂ ਸੁਖਨਾ ਝੀਲ ਸਣੇ ਸੈਰ-ਸਪਾਟਾ ਸਥਾਨਾਂ ਲਈ ਸ਼ਟਲ ਬੱਸ ਸਰਵਿਸ ਸ਼ੁਰੂ ਕੀਤੀ ਜਾਵੇਗੀ। ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿੰਗ ਵੱਲੋਂ ਲੋਕਾਂ ਤੇ ਸੀਟੀਯੂ ਬੱਸਾਂ ਲਈ ਪਾਰਕਿੰਗ ਵਾਲੀ ਥਾਵਾਂ ਤੈਅ ਕੀਤੀਆਂ ਜਾ ਰਹੀਆਂ ਹਨ। ਇਹ ਬੱਸ ਸਰਵਿਸ ਸ਼ੁਰੂ ਹੋਣ ਨਾਲ ਰਾਕ ਗਾਰਡ ਤੋਂ ਸੁਖਨਾ ਲੇਕ ਨੂੰ ਜਾਣ ਵਾਲੀ ਸੜਕ ‘ਤੇ ਜਾਮ ਤੇ ਪਾਰਕਿੰਗ ਦੀ ਦਿੱਕਤ ਰਹਿੰਦੀ ਹੈ, ਉਹ ਦੂਰ ਹੋ ਜਾਵੇਗੀ।
ਹੁਣ ਵੀਕੈਂਡ ਤੇ ਛੁੱਟੀ ਦੇ ਦਿਨ ਇਹ ਸ਼ਟਲ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ। ਇੰਜਨੀਅਰਿੰਗ ਵਿਭਾਗ ਪਾਰਕਿੰਗ ਸਥਾਨਾਂ ਦੀ ਨਿਸ਼ਾਨਦੇਹੀ ਕਰਨ ਅਤੇ ਇੱਥੇ ਆਉਣ ਵਾਲੇ ਲੋਕਾਂ ਨੂੰ ਮਾਰਗਦਰਸ਼ਨ ਕਰਨ ਲਈ ਜਲਦੀ ਹੀ ਸਾਈਨ ਬੋਰਡ ਵੀ ਲਗਾਉਣ ਜਾ ਰਿਹਾ ਹੈ। ਇਸ ਸਰਵਿਸ ਤਹਿਤ ਸੀਟੀਯੂ ਬੱਸਾਂ ਹਰ 5 ਮਿੰਟ ਦੇ ਵਕਫੇ ‘ਤੇ ਚੱਲਣਗੀਆਂ ਤੇ ਇਕ ਰਾਊਂਡ ਟ੍ਰਿਪ ਲਈ ਨਿਊਨਤਮ ਕਿਰਾਇਆ 10 ਰੁਪਏ ਤੈਅ ਕੀਤਾ ਗਿਆ ਹੈ। ਛੁੱਟੀ ਵਾਲੇ ਦਿਨ ਸੈਰ-ਸਪਾਟਾ ਵਾਲੀਆਂ ਥਾਵਾਂ ‘ਤੇ ਦੂਜੇ ਸੂਬਿਆਂ ਤੋਂ ਵੀ ਹਜ਼ਾਰਾਂ ਲੋਕ ਸੈਰ-ਸਪਾਟੇ ਲਈ ਆਉਂਦੇ ਹਨ।
ਹੁਣ ਤੱਕ ਜ਼ਿਆਦਾ ਭੀੜ ਹੋਣ ‘ਤੇ ਪੁਲਿਸ ਨੂੰ ਰਾਕ ਗਾਰਡਨ ਤੋਂ ਸੁਖਨਾ ਲੇਕ ਜਾਣ ਵਾਲੀ ਸੜਕ ‘ਤੇ ਨਾਕਾ ਲਗਾ ਕੇ ਵਾਹਨ ਚਾਲਕਾਂ ਦਾ ਰੂਟ ਬਦਲਣਾ ਪੈਂਦਾ ਹੈ ਜਦੋਂ ਕਿ ਹੁਣ ਸ਼ਟਲ ਬੱਸ ਸੇਵਾ ਸ਼ੁਰੂ ਹੋਣ ‘ਤੇ ਦਿੱਕਤ ਦੂਰ ਹੋ ਜਾਵੇਗੀ। ਇਸ ਨਾਲ ਸੁਖਨਾ ਲੇਕ ਦੇ ਨਾਲ-ਨਾਲ ਬਰਡ ਪਾਰਕ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਜਾਣ ਵਾਲੇ ਲੋਕਾਂ ਨੂੰ ਵੀ ਰਾਹਤ ਮਿਲੇਗੀ। ਸ਼ਟਲ ਬੱਸ ਸੇਵਾ ਪ੍ਰੀਖਣ ਦੇ ਆਧਾਰ ‘ਤੇ ਵੀਕੈਂਡ ਤੇ ਛੁੱਟੀਆਂ ‘ਤੇ ਚੱਲੇਗੀ।
ਇਹ ਵੀ ਪੜ੍ਹੋ : ‘ਜਿਸ ਦਿਨ ਦਿੱਲੀ ‘ਚ ਸਾਡੀ ਸਰਕਾਰ ਆਈ, ਪਹਿਲਾ ਹਸਤਾਖਰ ਜਾਤੀ ਜਨਗਣਨਾ ‘ਤੇ ਹੋਵੇਗਾ’ : ਰਾਹੁਲ ਗਾਂਧੀ
ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਸੁਖਨਾ ਲੇਕ ਕੋਲ ਮਲਟੀਲੈਵਲ ਪਾਰਕਿੰਗ ਵੀ ਬਣਾਉਣ ਦਾ ਪ੍ਰਸਤਾਵ ਤਿਆਰ ਕੀਤਾ ਸੀ ਪਰ ਹੈਰੀਟੇਜ ਸੁਰੱਖਿਆ ਕਮੇਟੀ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਸੀ ਜਿਸ ਦੇ ਬਾਅਦ ਇਥੇ ਸ਼ਟਲ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ ਜੋ ਕਿ ਲੋਕਾਂ ਨੂੰ ਸੈਰ-ਸਪਾਟੇ ਵਾਲੀਆਂ ਥਾਵਾਂ ‘ਤੇ ਘੁਮਾ ਕੇ ਵਾਪਸ ਛੱਡ ਦੇਵੇਗੀ। ਸੀਟੀਯੂ ਸ਼ਹਿਰ ਵਾਸੀਆਂ ਦਾ ਫੀਡਬੈਕ ਵੀ ਲਵੇਗਾ ਤੇ ਲੋਖ ਮੁਤਾਬਕ ਸੇਵਾ ਵਿਚ ਬਦਲਾਅ ਕਰੇਗਾ।
ਵੀਡੀਓ ਲਈ ਕਲਿੱਕ ਕਰੋ : –