ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਮੁੱਢਲੇ ਸਿਹਤ ਢਾਂਚੇ ਦੀ ਕਾਇਆ ਕਲਪ ਕਰਨ ਦੇ ਯਤਨਾਂ ਨੂੰ ਉਸ ਸਮੇਂ ਵਿਸ਼ਵ ਪੱਧਰ ’ਤੇ ਮਾਨਤਾ ਮਿਲੀ ਜਦੋਂ ਸੂਬੇ ਦੇ ਆਮ ਆਦਮੀ ਕਲੀਨਿਕਾਂ ਨੇ ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ 14 ਤੋਂ 16 ਨਵੰਬਰ ਤੱਕ ਆਯੋਜਿਤ ਗਲੋਬਲ ਹੈਲਥ ਸਪਲਾਈ ਚੇਨ ਕਾਨਫਰੰਸ ਵਿੱਚ ਪਹਿਲਾ ਇਨਾਮ ਹਾਸਲ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ‘ਹਰ ਵਿਅਕਤੀ ਲਈ ਦਵਾਈਆਂ ਤੱਕ ਪਹੁੰਚ, ਪੰਜਾਬ ਤੋਂ ਇੱਕ ਅਧਿਐਨ’ ਵਿਸ਼ੇ ਅਧੀਨ ਦਸਤਾਵੇਜ਼ ਲਈ ਪਹਿਲਾ ਇਨਾਮ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ 85 ਦੇਸ਼ਾਂ ਨੇ ਭਾਗ ਲਿਆ ਅਤੇ ਚਾਰ ਦੇਸ਼ਾਂ ਨੇ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਏ, ਜਿਨ੍ਹਾਂ ਵਿੱਚੋਂ ਪੰਜਾਬ ਸਰਕਾਰ ਦੇ ਦਸਤਾਵੇਜ਼ ਨੂੰ ਅੰਤਿਮ ਪੇਸ਼ਕਾਰੀ ਲਈ ਚੁਣਿਆ ਗਿਆ।
CM ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਦੀ ਸਫ਼ਲਤਾ ਦੀ ਕਹਾਣੀ ਸੁਣਾਈ, ਜਿਸ ਵਿੱਚ ਇਹ ਉਜਾਗਰ ਕੀਤਾ ਗਿਆ ਕਿ ਕਿਵੇਂ ਪੰਜਾਬ ਸਰਕਾਰ ਨੇ ਮੁੱਢਲੀਆਂ ਸਿਹਤ ਸਹੂਲਤਾਂ ਦਾ ਤੇਜ਼ੀ ਨਾਲ ਵਿਸਤਾਰ ਕੀਤਾ ਹੈ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਜੇਤੂ ਪ੍ਰਵੇਸ਼ ਵਿਗਿਆਨ ‘ਤੇ ਜ਼ੋਰ, ਸਮੱਸਿਆ ਦੇ ਹੱਲ ਲਈ ਸੁਪਰ ਪੁਜ਼ੀਸ਼ਨਿੰਗ, ਹੱਲ ਅਤੇ ਪ੍ਰਭਾਵ ਦੀ ਸਪੱਸ਼ਟਾ, ਨਵੀਨ ਹੱਲ, ਸਿਆਸੀ ਇੱਛਾ ਸ਼ਕਤੀ ਕਿਵੇਂ ਮੁੱਢਲੀਆਂ ਸਿਹਤ ਦੇਖਭਾਲ ਢਾਂਚੇ ਦੇ ਕਾਇਕਲਪ ਲਈ ਮਦਦਗਾਰ, ਪ੍ਰਾਈਵੇਟ ਖੇਤਰ ਦੇ ਨਾਲ ਸਹਿਯੋਗ ਤੇ ਸੁਧਾਰਾਂ ਲਈ ਸਪੱਸ਼ਟ ਵਿਆਖਿਆ ਨੂੰ ਦਰਸਾਇਆ ਗਿਆ।
ਇਹ ਵੀ ਪੜ੍ਹੋ : ਮਨਰੇਗਾ ਦੀ ਫਰਜ਼ੀ ਵੈੱਬਸਾਈਟ ਲਈ ਸਰਕਾਰ ਨੇ ਜਾਰੀ ਕੀਤਾ ਅਲਰਟ, ਸਾਵਧਾਨ ਰਹਿਣ ਦੀ ਕੀਤੀ ਅਪੀਲ
ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਨੇ ਆਮ ਆਦਮੀ ਕਲੀਨਿਕ ਨੂੰ ਦੇਖਣ ਲਈ ਪੰਜਾਬ ਆਉਣ ਦੀ ਇੱਛਾ ਪ੍ਰਗਟਾਈ ਹੈ ਅਤੇ ਇਹ ਸਮਝਣਾ ਚਾਹੁੰਦੇ ਹਨ ਕਿ ਕਿਵੇਂ 84 ਦਵਾਈਆਂ ਅਤੇ 40 ਕਲੀਨਿਕਲ ਟੈਸਟ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਨਾਂ ਕਿਸੇ ਕੀਮਤ ਦੇ ਮੁਹੱਈਆ ਕਰਵਾਏ ਜਾਂਦੇ ਹਨ। ਮਾਨ ਨੇ ਕਿਹਾ ਕਿ ਸਟੇਕਹੋਲਡਰ ਇਸ ਤੱਥ ਤੋਂ ਵੀ ਹੈਰਾਨ ਹਨ ਕਿ ਸਾਰੇ ਆਮ ਆਦਮੀ ਕਲੀਨਿਕ ਆਈਟੀ ਨਾਲ ਲੈਸ ਹਨ ਅਤੇ ਰਜਿਸਟ੍ਰੇਸ਼ਨ, ਡਾਕਟਰਾਂ ਦੀ ਸਲਾਹ, ਟੈਸਟ ਅਤੇ ਦਵਾਈਆਂ ਪੂਰੀ ਤਰ੍ਹਾਂ ਡਿਜੀਟਲਾਈਜ਼ਡ ਹਨ।