ਪੰਜਾਬ ਵਿਚ ਮੌਸਮ ਦਾ ਮਿਜਾਜ਼ ਬਦਲਣ ਲੱਗਾ ਹੈ। ਪਾਰਾ ਹੌਲੀ-ਹੌਲੀ ਡਿੱਗਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਪੰਜਾਬ ਵਿਚ ਠੰਡ ਵਧੀ ਹੈ। ਮੌਸਮ ਵਿਭਾਗ ਨੇ ਅੰਦਾਜ਼ਾ ਲਗਾਇਆ ਹੈ ਕਿ 11 ਦਸੰਬਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਉੱਤਰੀ ਭਾਰਤ ਵਿੱਚ ਤੇਜ਼ ਸੀਤ ਲਹਿਰ ਸ਼ੁਰੂ ਹੋ ਸਕਦੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤਾਪਮਾਨ ਡਿੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਅਤੇ 11 ਦਸੰਬਰ ਤੱਕ ਪਾਰਾ 7 ਡਿਗਰੀ ਤੱਕ ਜਾ ਸਕਦਾ ਹੈ।
ਸੂਬੇ ਭਰ ’ਚ ਅਗਲੇ ਤਿੰਨ ਦਿਨਾਂ ’ਚ ਦੋ ਤੋਂ ਤਿੰਨ ਡਿਗਰੀ ਤਾਪਮਾਨ ਹੋਰ ਡਿੱਗਣ ਦੀ ਸੰਭਾਵਨਾ ਹੈ ਜਿਸ ਨਾਲ ਠੰਢ ਵਧੇਗੀ। ਕੁਝ ਇਲਾਕਿਆਂ ’ਚ ਕੋਰਾ ਤੇ ਧੁੰਦ ਪੈਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਪੰਜਾਬ ਵਿਚ ਧੁੰਦ ਕਾਰਨ ਜਲੰਧਰ ਦੇ ਆਦਮਪੁਰ ਵਿਚ 50 ਮੀਟਰ ਤੋਂ ਵੀ ਘੱਟ ਦੀ ਵਿਜ਼ੀਬਿਲਟੀ ਰਹੀ ਜਦੋਂ ਕਿ ਪਟਿਆਲਾ ਵਿਚ 50 ਤੋਂ 200 ਮੀਟਰ, ਲੁਧਿਆਣਾ ਵਿਚ 200 ਤੋਂ 500 ਮੀਟਰ ਤੇ ਅੰਮ੍ਰਿਤਸਰ ਤੇ ਬਠਿੰਡਾ ਵਿਚ 500 ਤੋਂ 100 ਮੀਟਰ ਤੱਕ ਦੀ ਵਿਜ਼ੀਬਿਲਟੀ ਰਹੀ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਧੁੰਦ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਲਈ ਸਵੇਰ ਦੇ ਸਮੇਂ ਵਾਹਨ ਸਾਵਧਾਨੀ ਨਾਲ ਚਲਾਉਣ ਦੀ ਲੋੜ ਹੈ। ਭਾਰਤੀ ਮੌਸਮ ਵਿਗਿਆਨ ਮੁਤਾਬਕ ਆਉਣ ਵਾਲੇ ਦੋ ਹਫਤਿਆਂ ਵਿਚ ਪੰਜਾਬ ਵਿਚ ਮੌਸਮ ਖੁਸ਼ਕ ਹੀ ਬਣਿਆ ਰਹੇਗਾ। ਹਾਲਾਂਕਿ 11 ਦਸੰਬਰ ਨੂੰ ਪੱਛਮੀ ਗੜਬੜੀ ਦਾ ਮੌਸਮ ‘ਤੇ ਅਸਰ ਪਵੇਗਾ। ਵਿਭਾਗ ਨੇ ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ ਵਿਚ ਰਾਤ ਦੇ ਪਾਰੇ ਵਿਚ 2 ਤੋਂ 3 ਡਿਗਰੀ ਗਿਰਾਵਟ ਦੀ ਸੰਭਾਵਨਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ 10 ਦਸੰਬਰ ਤੋਂ ‘ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ, ਲੋਕਾਂ ਨੂੰ ਘਰ ਬੈਠਿਆਂ ਮਿਲਣਗੀਆਂ ਇਹ ਸੇਵਾਵਾਂ
ਵੀਰਵਾਰ ਨੂੰ ਪੰਜਾਬ ਦਾ ਘੱਟੋ-ਘੱਟ ਤਾਪਮਾਨ ਵਿਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਜਿਸ ਨਾਲ ਘੱਟੋ-ਘੱਟ ਤਾਪਮਾਨ ਸਾਧਾਰਨ ਤੋਂ 1.6 ਡਿਗਰੀ ਉਪਰ ਪਹੁੰਚ ਗਿਆ ਹੈ। ਸਭ ਤੋਂ ਘੱਟ 6.5 ਡਿਗਰੀ ਦਾ ਤਾਪਮਾਨ ਫਰੀਦਕੋਟ ਦਾ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਤਾਪਮਾਨ 9.1, ਲੁਧਿਆਣਾ ਦਾ 8.3, ਪਟਿਆਲਾ ਦਾ 9.4, ਜਲੰਧਰ ਦਾ 7.7 ਤੇ ਪਠਾਨਕੋਟ ਦਾ 9.3 ਡਿਗਰੀ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ : –