ਸਾਕਸ਼ੀ ਮਲਿਕ ਤੋਂ ਬਾਅਦ ਹੁਣ ਬਜਰੰਗ ਪੂਨੀਆ ਨੇ WFI ਦੇ ਨਵੇਂ ਪ੍ਰਧਾਨ ਦੇ ਐਲਾਨ ਮਗਰੋਂ ਵੱਡਾ ਫੈਸਲਾ ਲਿਆ ਹੈ। ਬਜਰੰਗ ਪੂਨੀਆ ਨੇ ਆਪਣਾ ਪਦਮ ਪੁਰਸਕਾਰ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਬਜਰੰਗ ਨੇ ਸੋਸ਼ਲ ਮੀਡੀਆ ‘ਤੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਮਾਮਲੇ ‘ਤੇ ਪੀਐਮ ਮੋਦੀ ਨੂੰ ਚਿੱਠੀ ਵੀ ਲਿਖੀ ਹੈ। ਬਜਰੰਗ ਨੇ ਸੋਸ਼ਲ ਮੀਡੀਆ ‘ਤੇ ਆਪਣਾ ਪੱਤਰ ਟਵੀਟ ਕੀਤਾ ਅਤੇ ਕੈਪਸ਼ਨ ‘ਚ ਲਿਖਿਆ, ‘ਮੈਂ ਪ੍ਰਧਾਨ ਮੰਤਰੀ ਜੀ ਨੂੰ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਰਿਹਾ ਹਾਂ। ਇਹ ਸਿਰਫ ਕਹਿਣ ਲਈ ਮੇਰੀ ਚਿੱਠੀ ਹੈ।”
ਬਜਰੰਗ ਪੂਨੀਆ ਨੇ ਚਿੱਠੀ ਵਿਚ ਕਿਹਾ ਕਿ 21 ਦਸੰਬਰ ਨੂੰ ਹੋਈਆਂ ਕੁਸ਼ਤੀ ਸੰਘ ਦੀਆਂ ਚੋਣਾਂ ਵਿੱਚ ਬ੍ਰਿਜਭੂਸ਼ਣ ਇੱਕ ਵਾਰ ਦੋਬਾਰਾ ਕਾਬਜ਼ ਹੋ ਗਿਆ। ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਸ਼ਰੇਆਮ ਦੁਬਾਰਾ ਕੁਸ਼ਤੀ ਦਾ ਪ੍ਰਬੰਧਨ ਕਰਨ ਵਾਲੀ ਇਕਾਈ ‘ਤੇ ਕਾਬਜ਼ ਹੋ ਗਿਆ ਹੈ। ਇਸ ਬੇਇਨਸਾਫ਼ੀ ਤੋਂ ਬਾਅਦ 2019 ਵਿੱਚ ਮਿਲਿਆ ਪਦਮਸ਼੍ਰੀ ਪੁਰਸਕਾਰ ਮੈਨੂੰ ਝੰਜੋੜ ਰਿਹਾ ਹੈ। ਮਹਿਲਾ ਪਹਿਲਵਾਨਾਂ ਦੇ ਅਪਮਾਨਿਤ ਹੋਣ ਮਗਰੋਂ ਮੈਂ ਸਨਮਾਨਤ ਬਣਕੇ ਨਹੀਂ ਜੀ ਸਕਾਂਗਾ ਇਸ ਲਈ ਤੁਹਾਨੂੰ ਸਨਮਾਨ ਵਾਪਸ ਕਰ ਰਿਹਾ ਹਾਂ।
ਤੁਹਾਨੂੰ ਦੱਸ ਦੇਈਏ ਕਿ ਬਜਰੰਗ ਪੂਨੀਆ ਨੂੰ 2019 ਵਿੱਚ ਪਦਮ ਸ਼੍ਰੀ ਪੁਰਸਕਾਰ ਮਿਲਿਆ ਸੀ। ਇਸ ਭਾਰਤੀ ਪਹਿਲਵਾਨ ਨੇ 2020 ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਵਿਸ਼ਵ ਚੈਂਪੀਅਨਸ਼ਿਪ ‘ਚ ਉਸ ਦੇ ਨਾਂ 4 ਮੈਡਲ ਹਨ। ਉਹ ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਸੋਨ ਅਤੇ ਚਾਂਦੀ ਦਾ ਤਮਗਾ ਵੀ ਜਿੱਤ ਚੁੱਕਾ ਹੈ। ਬਜਰੰਗ ਨੇ ਰਾਸ਼ਟਰਮੰਡਲ ਵਿੱਚ ਦੋ ਸੋਨ ਅਤੇ ਇੱਕ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ ਹੈ।
ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਫੈਸਲਾ, ਛੋਟੇ ਸਾਹਿਬਜ਼ਾਦਿਆਂ ਦੀ ਯਾਦ ‘ਚ ਵਜਣਗੇ ਮਾਤਮੀ ਬਿਗਲ, ਲੋਕਾਂ ਨੂੰ ਕੀਤੀ ਇਹ ਅਪੀਲ
ਬਜਰੰਗ ਪੂਨੀਆ ਤੋਂ ਪਹਿਲਾਂ ਵੀਰਵਾਰ ਨੂੰ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ। ਕੁਸ਼ਤੀ ਸੰਘ ਦੇ ਨਵੇਂ ਪ੍ਰਧਾਨ ਦੇ ਐਲਾਨ ਤੋਂ ਤੁਰੰਤ ਬਾਅਦ ਪਹਿਲਵਾਨਾਂ ਨੇ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਸਾਕਸ਼ੀ ਨੇ ਹੰਝੂ ਭਰੀਆਂ ਅੱਖਾਂ ਨਾਲ ਸੰਨਿਆਸ ਲੈਣ ਦਾ ਐਲਾਨ ਕੀਤਾ। ਸਾਕਸ਼ੀ ਨੇ ਦੋਸ਼ ਲਾਇਆ ਕਿ ਸੰਜੇ ਸਿੰਘ ਬ੍ਰਿਜ ਭੂਸ਼ਣ ਸਿੰਘ ਦੇ ਵੀ ਕਰੀਬੀ ਹਨ ਅਤੇ ਅਜਿਹੇ ‘ਚ ਉਹ ਅੱਗੇ ਨਹੀਂ ਖੇਡ ਸਕਣਗੇ।
ਵੀਡੀਓ ਲਈ ਕਲਿੱਕ ਕਰੋ : –