ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਚਲਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਮੂਨਕ ਦੇ ਤਹਿਸੀਲਦਾਰ (ਸੇਵਾ-ਮੁਕਤ) ਸੰਧੂਰਾ ਸਿੰਘ, ਸੰਗਰੂਰ ਜ਼ਿਲ੍ਹੇ ਦੇ ਮਾਲ ਹਲਕਾ ਪਿੰਡ ਬੱਲਰਾਂ ਦੇ ਪਟਵਾਰੀ ਧਰਮਰਾਜ ਅਤੇ ਭਗਵਾਨ ਦਾਸ ਪਟਵਾਰੀ (ਸੇਵਾਮੁਕਤ) ਨੂੰ ਵਾਹੀਯੋਗ ਜ਼ਮੀਨ ਦੇ ਗੈਰ-ਕਾਨੂੰਨੀ ਤਬਾਦਲੇ ਅਤੇ ਇੰਤਕਾਲ ਕਰਵਾਉਣ ਬਦਲੇ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਖੁਲਾਸਾ ਕੀਤਾ ਕਿ ਐਫਆਈਆਰ ਨੰਬਰ 18 ਮਿਤੀ 27.12.2023 ਦੀ ਡੂੰਘਾਈ ਨਾਲ ਤਫ਼ਤੀਸ਼ ਕਰਨ ਤੋਂ ਬਾਅਦ ਆਈਪੀਸੀ ਦੀ ਧਾਰਾ 420, 465, 467, 468, 471, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਦੇ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਸੰਧੂਰਾ ਸਿੰਘ, ਤਹਿਸੀਲਦਾਰ (ਸੇਵਾਮੁਕਤ), ਧਰਮਰਾਜ ਪਟਵਾਰੀ, ਮਿੱਠੂ ਸਿੰਘ ਪਟਵਾਰੀ (ਦੋਵੇਂ ਹਲਕਾ ਬੱਲਰਾਂ, ਜ਼ਿਲ੍ਹਾ ਸੰਗਰੂਰ), ਭਗਵਾਨ ਦਾਸ, ਪਟਵਾਰੀ (ਸੇਵਾਮੁਕਤ) ਅਤੇ ਇੱਕ ਨਿੱਜੀ ਵਿਅਕਤੀ ਬਲਵੰਤ ਸਿੰਘ ਵਾਸੀ ਪਿੰਡ ਬੱਲਰਾਂ, ਜਿਲਾ ਸੰਗਰੂਰ ਸ਼ਾਮਲ ਹਨ।
ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਜਾਂਚ ਦੌਰਾਨ ਪਿੰਡ ਬੱਲਰਾਂ ਵਿਖੇ ਗੁਰਤੇਜ ਸਿੰਘ ਅਤੇ ਹੋਰਨਾਂ ਦੀ 25 ਕਨਾਲ 15 ਮਰਲੇ ਜ਼ਮੀਨ ਦਾ ਤਬਾਦਲਾ ਪਿੰਡ ਰਾਏਪੁਰ, ਤਹਿਸੀਲ ਜਾਖਲ, ਹਰਿਆਣਾ ਵਿਖੇ ਬਲਵੰਤ ਸਿੰਘ ਦੀ ਜ਼ਮੀਨ ਨਾਲ ਜਾਅਲੀ ਤਬਾਦਲਾ ਤੇ ਇੰਤਕਾਲ (ਨੰਬਰ 10808) ਇੰਦਰਾਜ ਕਰਾਉਣ ਦਾ ਖੁਲਾਸਾ ਹੋਇਆ ਹੈ। ਧਰਮਰਾਜ ਪਟਵਾਰੀ ਨੇ ਇਸ ਫਰਜੀ ਇੰਤਕਾਲ ਨੂੰ ਅੰਜਾਮ ਦੇਣ ਲਈ ਬਲਵੰਤ ਸਿੰਘ ਤੋਂ 7 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਇਸ ਤੋਂ ਬਾਅਦ, ਧਰਮਰਾਜ ਪਟਵਾਰੀ ਨੇ ਇਸ ਇੰਤਕਾਲ ਦੀ ਪ੍ਰਵਾਨਗੀ ਤਹਿਸੀਲਦਾਰ ਸੰਧੂਰਾ ਸਿੰਘ (ਹੁਣ ਸੇਵਾਮੁਕਤ) ਤੋਂ ਜਮਾਂਬੰਦੀ ਵਿੱਚ ਐਂਟਰੀਆਂ ਨਾਲ ਮੇਲਣ ਲਈ 15.05.2019 ਦੀ ਬੈਕ ਡੇਟ ਤੋਂ ਪ੍ਰਾਪਤ ਕੀਤੀ, ਜਿਸਦੀ ਸਮਾਂ ਸੀਮਾ 15.05.2023 ਸੀ।
ਬੁਲਾਰੇ ਨੇ ਮਾਲ ਰਿਕਾਰਡ ਵਿੱਚ ਬੇਨਿਯਮੀਆਂ ਨੂੰ ਉਜਾਗਰ ਕਰਦੇ ਹੋਏ ਦੱਸਿਆ ਕਿ ਪਟਵਾਰੀ ਨੇ ਇੰਤਕਾਲ ਦੀ ਪ੍ਰਵਾਨਗੀ ਲਈ ਐਂਟਰੀ ਬਾਲਪੁਆਇੰਟ ਪੈਨ ਨਾਲ ਕੀਤੀ ਸੀ, ਉਸੇ ਮਿਤੀ ਨੂੰ ਹੋਰ ਐਂਟਰੀਆਂ ਦੇ ਉਲਟ, ਜੈੱਲ ਪੈੱਨ ਦੀ ਵਰਤੋਂ ਕਰਕੇ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ, ਦੋਸ਼ੀ ਪਟਵਾਰੀ ਨੇ ਆਪਣੇ ਦੋਸ਼ ਨੂੰ ਛੁਪਾਉਣ ਲਈ ਇਸ ਇੰਤਕਾਲ ਦੀ ਕਾਪੀ ਕਾਨੂੰਗੋ ਦੇ ਦਫ਼ਤਰ ਨੂੰ ਵੀ ਨਾ ਭੇਜੀ।
ਇਸ ਜਾਂਚ ਦੌਰਾਨ ਪਤਾ ਲੱਗਾ ਕਿ ਗੁਰਤੇਜ ਸਿੰਘ ਅਤੇ ਹੋਰਾਂ ਅਤੇ ਬਲਵੰਤ ਸਿੰਘ ਵਿਚਕਾਰ ਕੋਈ ਪਰਿਵਾਰਕ ਵੰਡ ਨਹੀਂ ਹੋਈ ਸੀ। ਇਸ ਤੋਂ ਇਲਾਵਾ ਬਲਵੰਤ ਸਿੰਘ ਕੋਲ ਹਰਿਆਣਾ ਦੇ ਪਿੰਡ ਜਾਖਲ ਵਿਖੇ ਕੋਈ ਜ਼ਮੀਨ ਵੀ ਨਹੀਂ ਸੀ। ਸਾਲ 1966 ਤੋਂ ਪਿੰਡ ਬੱਲਰਾਂ ਵਿੱਚ ਜ਼ਮੀਨ ਦੇ ਮਾਲਕ ਹੋਣ ਦਾ ਦਾਅਵਾ ਕਰ ਰਹੇ ਬਲਵੰਤ ਸਿੰਘ ਨੇ ਤਬਾਦਲੇ ਰਾਹੀ ਜ਼ਮੀਨ ਦਾ ਮਾਲਕ ਬਣਨ ਲਈ ਧਰਮਰਾਜ ਪਟਵਾਰੀ ਕੋਲ ਪਹੁੰਚ ਕੀਤੀ, ਜਿਸ ਨੇ 10 ਲੱਖ ਰੁਪਏ ਦੀ ਮੰਗ ਕੀਤੀ। ਗੱਲਬਾਤ ਤੋਂ ਬਾਅਦ ਧਰਮਰਾਜ ਪਟਵਾਰੀ ਨੇ ਬਲਵੰਤ ਸਿੰਘ ਤੋਂ 7 ਲੱਖ ਰੁਪਏ ਦੀ ਰਿਸ਼ਵਤ ਲੈ ਲਈ।
ਬੁਲਾਰੇ ਨੇ ਅੱਗੇ ਕਿਹਾ ਕਿ ਇੱਥੋਂ ਧਰਮਰਾਜ ਪਟਵਾਰੀ ਦੇ ਤਬਾਦਲੇ ਤੋਂ ਬਾਅਦ ਮਿੱਠੂ ਸਿੰਘ ਪਟਵਾਰੀ ਨੇ ਸ਼ਿਕਾਇਤਕਰਤਾ ਦੇ ਮਾਲ ਰਿਕਾਰਡ ਵਿੱਚ ਫੇਰਬਦਲ ਕਰਕੇ ਧੋਖੇ ਨਾਲ ਉਨ੍ਹਾਂ ਦੇ ਹਿੱਸੇ 57 ਕਨਾਲ 11 ਮਰਲੇ ਤੋਂ ਘਟਾ ਕੇ 31 ਕਨਾਲ 16 ਮਰਲੇ ਜ਼ਮੀਨ ਕਰ ਦਿੱਤੀ। ਇਸ ਗੈਰ-ਕਾਨੂੰਨੀ ਕਾਰਵਾਈ ਰਾਹੀਂ ਬਲਵੰਤ ਸਿੰਘ ਨੂੰ 25 ਕਨਾਲ 15 ਮਰਲੇ ਜ਼ਮੀਨ ਦਾ ਗੈਰਕਾਨੂੰਨੀ ਤਬਾਦਲੇ ਨਾਲ ਮਾਲਕ ਬਣਾ ਦਿੱਤਾ। ਇਨ੍ਹਾਂ ਕਾਰਵਾਈਆਂ ਨੂੰ ਛੁਪਾਉਣ ਲਈ, ਮਿੱਠੂ ਸਿੰਘ ਪਟਵਾਰੀ ਨੇ ਜਮ੍ਹਾਂਬੰਦੀ ਰਜਿਸਟਰ ਵਿੱਚੋਂ ਪੰਨਾ ਨੰਬਰ 134 ਤੋਂ 138 ਨੂੰ ਹਟਾ ਦਿੱਤਾ ਅਤੇ ਰਜਿਸਟਰ ਦੇ ਬਾਕੀ ਪੰਨਿਆਂ ਦੇ ਉਲਟ, ਲੜੀ ਨੰਬਰਾਂ ਦੀ ਤੋਂ ਬਿਨਾ ਵਾਲੇ ਨਵੇਂ ਪੰਨੇ ਜੋੜ ਦਿੱਤੇ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਮਿੱਠੂ ਸਿੰਘ ਪਟਵਾਰੀ ਨੇ 07.05.2021 ਨੂੰ ਮਾਲ ਰਿਕਾਰਡ ਵਿੱਚ ਇਹ ਹੇਰਾਫੇਰੀ ਕੀਤੀ ਸੀ। ਫਿਰ ਬਲਵੰਤ ਸਿੰਘ ਨੇ ਉਕਤ ਜ਼ਮੀਨ ਆਪਣੇ ਪੋਤਰੇ ਬਲਰਾਜ ਸਿੰਘ ਨੂੰ ਵਸੀਕਾ ਨੰਬਰ 53 ਮਿਤੀ 26.04.2022 ਰਾਹੀਂ ਤਬਦੀਲ ਕਰ ਦਿੱਤੀ। ਇਸ ਤੋਂ ਬਾਅਦ ਭਗਵਾਨ ਦਾਸ ਪਟਵਾਰੀ ਨੇ ਇੰਤਕਾਲ ਨੰਬਰ 11123 ਮਿਤੀ 8.7.2022 ਦਰਜ ਕੀਤਾ ਅਤੇ 14.07.2022 ਨੂੰ ਪ੍ਰਵਾਨਗੀ ਪ੍ਰਾਪਤ ਕਰ ਲਈ।
ਇਹ ਵੀ ਪੜ੍ਹੋ : ਕਿਸਾਨਾਂ ਲਈ ਮੋਦੀ ਸਰਕਾਰ ਦਾ ਵੱਡਾ ਫੈਸਲਾ, ਨਾਰੀਅਲ ਦੇ MSP ‘ਚ ਕੀਤਾ ਗਿਆ ਵਾਧਾ
ਜਦੋਂ ਸ਼ਿਕਾਇਤਕਰਤਾ ਗੁਰਤੇਜ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਸ਼ਿਕਾਇਤ ਦਰਜ ਕਰਵਾਈ ਤਾਂ ਭਗਵਾਨ ਦਾਸ ਪਟਵਾਰੀ ਨੇ ਇੰਤਕਾਲ ਨੰਬਰ 16 ਮਿਤੀ 18.07.2022 ਨੂੰ ਦਰੁਸਤ ਕਰ ਦਿੱਤਾ ਪਰ ਉਹ ਮਾਲ ਰਜਿਸਟਰ ਵਿੱਚ ਇੰਤਕਾਲ ਨੰ: 11123 ਮਿਤੀ 18.07.2022 ਦੇ ਆਧਾਰ ‘ਤੇ ਸੇਲ ਡੀਡ/ਵਾਸਿਕਾ ਨੰ: 53 ਮਿਤੀ 26.04.2022 ਦਾ ਹਵਾਲਾ ਦੇਣ ਵਿੱਚ ਅਸਫਲ ਰਿਹਾ। ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।