ਭੋਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਸਿੰਘ ਭੋਆ ਨੂੰ ਜ਼ਮਾਨਤ ਮਿਲ ਗਈ ਹੈ । ਉਨ੍ਹਾਂ ਨੂੰ 29 ਦਸੰਬਰ ਨੂੰ ਮਾਈਨਿੰਗ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਬੀਤੀ 29 ਦਸੰਬਰ ਨੂੰ ਜੋਗਿੰਦਰ ਪਾਲ ਭੋਆ ਦੀ ਪਤਨੀ ਦੀ ਮਲਕੀਅਤ ਵਾਲੀ ਇਕ ਕਰੱਸ਼ਰ ਵਾਲੀ ਜਗ੍ਹਾ ‘ਤੇ ਗੈਰ-ਕਾਨੂੰਨੀ ਮਾਈਨਿੰਗ ਦਾ ਪਤਾ ਲੱਗਿਆ ਸੀ। ਜਿਸ ਤੋਂ ਬਾਅਦ SDO ਮਾਈਨਿੰਗ ਵਾਲੀ ਥਾਂ ਉਤੇ ਪਹੁੰਚੇ ਸਨ ਜਿਥੇ ਜੋਗਿੰਦਰ ਪਾਲ ਭੋਆ ਨੇ ਕਾਨੂੰਨੀ ਪ੍ਰਕਿਰਿਆ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਸੀ।
ਜਦੋਂ ਐੱਸਡੀਓ ਮਾਈਨਿੰਗ ਵਾਲੀ ਥਾਂ ‘ਤੇ ਪਹੁੰਚੇ ਤਾਂ ਉਨ੍ਹਾਂ ਵੱਲੋਂ ਪੁਸ਼ਟੀ ਕੀਤੀ ਗਈ ਕਿ ਪੋਕਲੇਨ ਮਸ਼ੀਨਾਂ ਅਤੇ ਟਿੱਪਰਾਂ ਰਾਹੀਂ ਵੱਡੀ ਮਾਤਰਾ ਵਿਚ ਮਾਈਨਿੰਗ ਹੋ ਰਹੀ ਸੀ ਜਿਸ ਤਹਿਤ ਕਾਰਵਾਈ ਕਰਦੇ ਹੋਏ ਜੋਗਿੰਦਰ ਪਾਲ ਭੋਆ ਦੇ ਇੱਕ ਸਾਥੀ ਸੁਰਜੀਤ ਸਿੰਘ ਉਰਫ਼ ਲਾਡੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਨਵ-ਨਿਯੁਕਤ ਨਾਇਬ ਤਹਿਸੀਲਦਾਰਾਂ ਦੀਆਂ ਤਾਇਨਾਤੀਆਂ, ਦੇਖੋ ਪੂਰੀ ਸੂਚੀ
ਮਾਈਨਿੰਗ ਵਿਭਾਗ ਦੀ ਸ਼ਿਕਾਇਤ ‘ਤੇ ਸਾਬਕਾ ਵਿਧਾਇਕ ਖਿਲਾਫ ਆਈਪੀਸੀ ਦੀ ਧਾਰਾ 535, 186 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਅੱਜ ਸਾਬਕਾ ਵਿਧਾਇਕ ਭੋਆ ਨੂੰ ਜ਼ਮਾਨਤ ਮਿਲ ਗਈ ਹੈ ਤੇ ਉਹ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ।