ਬਠਿੰਡਾ ਪੁਲਿਸ ਨੇ ਠੰਡੀ ਰੋਡ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲੁੱਟੀ ਗਈ 7.50 ਲੱਖ ਰੁਪਏ ਦੀ ਨਗਦੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਨੇ ਠੰਢੀ ਸੜਕ ’ਤੇ ਇੱਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਨੂੰ ਪਿਸਤੌਲ ਤਾਣ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਖ਼ਿਲਾਫ਼ ਥਾਣਾ ਕੈਨਾਲ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
SSP ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਰਾਹੁਲ ਨਰੂਕਾ ਸੁਰਖਪੀਰ ਰੋਡ ਬਠਿੰਡਾ ਨੇ ਆਪਣੇ ਬਿਆਨ ਦਰਜ ਕਰਵਾਇਆ ਹੈ। ਉਹ ਸਪਾਈਸ ਮਨੀ ਮਾਈਕਰੋ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਕੰਪਨੀ ਦੇ ਪੈਸੇ ਇਕੱਠੇ ਕਰਨ ਤੋਂ ਬਾਅਦ ਉਹ ਕੈਸ਼ ਇੰਡੀਅਨ ਬੈਂਕ ਦੇ ATM ਵਿੱਚ ਜਮ੍ਹਾ ਕਰਵਾ ਦਿੰਦਾ ਸੀ। 8 ਜਨਵਰੀ ਨੂੰ ਉਹ 7 ਲੱਖ 90 ਹਜ਼ਾਰ ਰੁਪਏ ਦੀ ਨਕਦੀ ਜਮ੍ਹਾ ਕਰਵਾਉਣ ਲਈ ਮੁਲਤਾਨੀਆ ਪੁਲ ਤੋਂ ਟੌਹਲੀ ਰੋਡ ਰਾਹੀਂ ਬਠਿੰਡਾ ਵੱਲ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦੀ ਨੋਕ ‘ਤੇ ਉਸ ਦਾ ਬੈਗ ਖੋਹ ਲਿਆ।
ਇਹ ਵੀ ਪੜ੍ਹੋ : ਮੋਹਾਲੀ ‘ਚ ਵੱਡਾ ਹਾ.ਦਸਾ, ਕੇਟਰਿੰਗ ਦੇ ਗੋਦਾਮ ‘ਚ ਫੱ.ਟਿ.ਆ ਸਿਲੰਡਰ, ਇੱਕ ਵਿਅਕਤੀ ਦੀ ਮੌ.ਤ, ਦੋ ਜ਼ਖਮੀ
ਇਸ ਮਾਮਲੇ ਦੀ ਜਾਂਚ ਲਈ ਅਜੈ ਗਾਂਧੀ IPS ਕਪਤਾਨ ਪੁਲਿਸ (ਡੀ) ਬਠਿੰਡਾ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। CIA -1 ਬਠਿੰਡਾ ਦੀਆਂ ਹਦਾਇਤਾਂ ਅਨੁਸਾਰ CIA -1 ਬਠਿੰਡਾ ਦੀ ਪੁਲਿਸ ਪਾਰਟੀ ਨੇ ਕਥਿਤ ਦੋਸ਼ੀ ਸਤਨਾਮ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਦਾਸ ਸਿੰਘ ਨੂੰ ਫੋਕਲ ਪੁਆਇੰਟ ਨੇੜੇ ਲਿੰਕ ਰੋਡ, ਬਠਿੰਡਾ ਡੱਬਵਾਲੀ ਮੁੱਖ ਸੜਕ ਤੋਂ ਕਾਬੂ ਕੀਤਾ।
ਇਨ੍ਹਾਂ ਕੋਲੋਂ 7 ਲੱਖ 50 ਹਜ਼ਾਰ ਰੁਪਏ ਅਤੇ ਪਿਸਤੌਲ, 315 ਜਿੰਦਾ ਕਾਰਤੂਸ ਅਤੇ ਦੇਸੀ ਬਣਿਆ ਬੋਰ ਬਰਾਮਦ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਲਿਆ ਸੀ। ਕਰਜ਼ੇ ਦੀ ਰਕਮ ਮੋੜਨ ਲਈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ –