ਅਫਗਾਨਿਸਤਾਨ ਵਿਚ ਤਾਲਿਬਾਨੀਆਂ ਦਾ ਔਰਤਾਂ ‘ਤੇ ਜ਼ੁਲਮ ਵਧਦਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਤਾਲਿਬਾਨ ਅਫਗਾਨ ਅਣਵਿਆਹੀਆਂ ਔਰਤਾਂ ਦੀ ਕੰਮ, ਯਾਤਰਾ ਤੇ ਸਿਹਤ ਦੇਖਭਾਲ ਤੱਕ ਪਹੁੰਚ ‘ਤੇ ਪਾਬੰਦੀ ਲਗਾ ਰਿਹਾ ਹੈ। ਅਧਿਕਾਰੀਆਂ ਨੇ ਔਰਤ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਕਿਸੇ ਸਿਹਤ ਸਹੂਲਤ ਵਿੱਚ ਆਪਣੀ ਨੌਕਰੀ ਰੱਖਣਾ ਚਾਹੁੰਦੀ ਹੈ, ਤਾਂ ਉਸਨੂੰ ਵਿਆਹ ਕਰਾਉਣਾ ਪਵੇਗਾ। ਇਹ ਵੀ ਕਿਹਾ ਕਿ ਅਣਵਿਆਹੀ ਔਰਤ ਲਈ ਕੰਮ ਕਰਨਾ ਅਣਉਚਿਤ ਹੈ।
ਸ਼ੁਰੂਆਤ ਵਿਚ ਜ਼ਿਆਦਾ ਉਦਾਰ ਸ਼ਾਸਨ ਦਾ ਵਾਅਦਾ ਕਰਨ ਦੇ ਬਾਵਜੂਦ ਤਾਲਿਬਾਨ ਨੇ 2021 ਵਿਚ ਸੱਤਾ ਸੰਭਾਲਣ ਦੇ ਬਾਅਦ ਤੋਂ ਕਈ ਸਖਤ ਨਿਯਮ ਲਿਆ ਕੇ ਜਨਤਕ ਜੀਵਨ ਦੇ ਜ਼ਿਆਦਾਤਰ ਖੇਤਰਾਂ ਵਿਚ ਮਹਿਲਾਵਾਂ ‘ਤੇ ਪਾਬੰਦੀਆਂ ਲਗਾਈਆਂ ਹਨ ਤੇ ਲੜਕੀਆਂ ਨੂੰ 6ਵੀਂ ਕਲਾਸ ਤੋਂ ਅੱਗੇ ਸਕੂਲ ਜਾਣ ਤੋਂ ਵੀ ਰੋਕ ਦਿੱਤਾ ਗਿਆ ਹੈ।
ਤਾਲਿਬਾਨੀਆਂ ਨੇ ਬਿਊਟੀ ਪਾਰਲਰ ਵੀ ਬੰਦ ਕਰ ਦਿੱਤੇ ਹਨ ਤੇ ਇਕ ਡ੍ਰੈਸ ਕੋਡ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਤਹਿਤ ਜੇਕਰ ਔਰਤਾਂ ਹਿਜਾਬ ਜਾਂ ਸਕਾਰਫ ਪਹਿਨੇ ਬਿਨਾਂ ਬਾਹਰ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਮਈ 2022 ਵਿਚ ਤਾਲਿਬਾਨ ਨੇ ਇਕ ਫਰਮਾਨ ਜਾਰੀ ਕੀਤਾ ਜਿਸ ਵਿਚ ਔਰਤਾਂ ਨੂੰ ਸਿਰਫ ਆਪਣੀਆਂ ਅੱਖਾਂ ਦਿਖਾਉਣ ਲਈ ਕਿਹਾ ਗਿਆ ਤੇ ਉਨ੍ਹਾਂ ਨੂੰ ਸਿਰ ਤੋਂ ਪੈਰ ਤੱਕ ਬੁਰਕਾ ਪਹਿਨਣ ਦੀ ਸਿਫਾਰਸ਼ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਉਪਰਾਲਾ, CM ਮਾਨ 26 ਜਨਵਰੀ ਨੂੰ 125 ਨਵੇਂ ਮੁਹੱਲਾ ਕਲੀਨਿਕ ਜਨਤਾ ਨੂੰ ਕਰਨਗੇ ਸਮਰਪਿਤ
ਰਿਪੋਰਟ ਮੁਤਾਬਕ ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਕਿਹਾ ਕਿ ਤਾਲਿਬਾਨ ਉਨ੍ਹਾਂ ਅਫਗਾਨ ਔਰਤਾਂ ‘ਤੇ ਨਕੇਲ ਕੱਸ ਰਿਹਾ ਹੈ ਜੋ ਇਕੱਲੀਆਂ ਹਨ ਜਾਂ ਉਨ੍ਹਾਂ ਨਾਲ ਕੋਈ ਪੁਰਸ਼ ਨਹੀਂ ਹੈ। ਅਫਗਾਨਿਸਤਾਨ ਵਿੱਚ ਮਰਦਾਂ ਦੀ ਸਰਪ੍ਰਸਤੀ ਬਾਰੇ ਕੋਈ ਅਧਿਕਾਰਤ ਕਾਨੂੰਨ ਨਹੀਂ ਹੈ, ਪਰ ਤਾਲਿਬਾਨ ਨੇ ਕਿਹਾ ਹੈ ਕਿ ਔਰਤਾਂ ਉਨ੍ਹਾਂ ਦੇ ਨਾਲ ਮਰਦ ਦੇ ਬਿਨਾਂ ਘੁੰਮ ਨਹੀਂ ਸਕਦੀਆਂ ਜਾਂ ਇੱਕ ਖਾਸ ਦੂਰੀ ਦੀ ਯਾਤਰਾ ਨਹੀਂ ਕਰ ਸਕਦੀਆਂ।