ਨੈਸ਼ਨਲ ਹਾਈਵੇ ‘ਤੇ ਪਿੰਡ ਜੀਵਨਵਾਲ ਬੱਬਰੀ ਦੇ ਨਜ਼ਦੀਕ ਇੱਕ ਟਰਾਲੇ ਦੀ ਸਾਈਡ ਲੱਗਣ ਕਾਰਨ ਗੰਨਿਆਂ ਦੀ ਭਰੀ ਟਰੈਕਟਰ ਟਰਾਲੀ ਪਲਟ ਗਈ। ਖੁਸ਼ਕਿਸਮਤੀ ਰਹੀ ਕਿ ਟਰੈਕਟਰ ਚਾਲਕ ਵਾਲ-ਵਾਲ ਬਚ ਗਿਆ ਪਰ ਟਰੈਕਟਰ ਤੇ ਟਰਾਲੀ ਨੈਸ਼ਨਲ ਹਾਈਵੇ ਦੇ ਵਿੱਚ ਪਲਟਣ ਕਾਰਨ ਕੁਝ ਦੇਰ ਟਰੈਫਿਕ ਜਾਮ ਵੀ ਹੋ ਗਿਆ। ਮੌਕੇ ‘ਤੇ ਜਦੋਂ ਟਰੈਕਟਰ ਚਾਲਕ ਨੇ ਸੜਕ ਸੁਰੱਖਿਆ ਫੋਰਸ ਨੂੰ ਫੋਨ ਕੀਤਾ ਤਾਂ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ ਉਹ ਪਹੁੰਚ ਗਈ। ਉਸ ਸਮੇਂ ਤੱਕ ਟਰੈਕਟਰ ਦੇ ਚਾਲਕ ਵਲੋਂ ਕਿਸੇ ਦੀ ਮਦਦ ਦੇ ਨਾਲ ਟਿੱਪਰ ਚਾਲਕ ਦਾ ਪਿੱਛਾ ਕਰਕੇ ਉਸਨੂੰ ਵੀ ਮੌਕੇ ‘ਤੇ ਕਾਬੂ ਕਰ ਲਿਆ। ਟਿੱਪਰ ਚਾਲਕ ਦੀ ਤਲਾਸ਼ੀ ਕਰਨ ‘ਤੇ ਉਸ ਪਾਸੋਂ ਥੋੜੀ ਜਿਹੀ ਚੂਰਾ ਪੋਸਤ ਅਤੇ ਇੱਕ ਡੀਐਸਪੀ ਦਾ ਆਈ ਕਾਰਡ ਵੀ ਬਰਾਮਦ ਹੋਇਆ ਹੈ ਜਿਸ ਬਾਰੇ ਟਿੱਪਰ ਚਾਲਕ ਦਾ ਕਹਿਣਾ ਹੈ ਕਿ ਭੁੱਕੀ ਉਸਦੇ ਆਪਣੇ ਖਾਣ ਲਈ ਹੈ ਅਤੇ ਡੀਐਸਪੀ ਦਾ ਕਾਰਡ ਗਲਤੀ ਨਾਲ ਉਸਦੇ ਕੋਲ ਕਾਗਜਾਂ ਨਾਲ ਆ ਗਿਆ ਹੈ। ਦੂਜੇ ਪਾਸੇ ਸਬੰਧਤ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕਰਨ ਦੀ ਗੱਲ ਕੀਤੀ ਕਹੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੰਨੇ ਦੀ ਟਰਾਲੀ ਦੇ ਮਾਲਕ ਐਡਵੋਕੇਟ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਡਰਾਈਵਰ ਟਰਾਲੀ ‘ਤੇ ਗੰਨਾ ਭਰ ਕੇ ਲੈ ਕੇ ਜਾ ਰਿਹਾ ਸੀ ਅਤੇ ਉਹ ਕਾਰ ਤੇ ਉਸ ਦੇ ਪਿੱਛੇ-ਪਿੱਛੇ ਆ ਰਿਹਾ ਸੀ ਕਿ ਪਿੰਡ ਬਬਰੀ ਤੋਂ ਥੋੜ੍ਹੀ ਅੱਗੇ ਪੈਟਰੋਲ ਪੰਪ ਨੇੜੇ ਗੰਨਿਆਂ ਦੀ ਭਰੀ ਟਰਾਲੀ ਨੂੰ ਟਰਾਲਾ ਸਾਈਡ ਮਾਰ ਕੇ ਤੇਜ਼ੀ ਨਾਲ ਨਿਕਲ ਗਿਆ ਜਿਸ ਕਾਰਨ ਟਰਾਲੀ ਸੜਕ ਵਿਚਕਾਰ ਹੀ ਪਲਟ ਗਈ। ਟਰੈਕਟਰ ਚਾਲਕ ਨੇ ਮਸਾਂ ਹੀ ਜਾਨ ਬਚਾਈ ਜਦਕਿ ਉਹਨਾਂ ਵੱਲੋਂ ਪਿੱਛਾ ਕਰਕੇ ਟਰਾਲਾ ਚਾਲਕ ਨੂੰ ਲਗਭਗ ਦੋ ਕਿਲੋਮੀਟਰ ਅੱਗੇ ਜਾ ਕੇ ਫੜ ਲਿਆ ਗਿਆ ਜਿਸ ਦੀ ਗੱਡੀ ਵਿੱਚੋਂ ਭੁੱਕੀ ਦੀ ਇੱਕ ਪੁਰੀ ਅਤੇ ਇੱਕ ਡੀਐਸਪੀ ਦਾ ਆਈ ਕਾਰਡ ਵੀ ਮਿਲਿਆ ਹੈ ਜਿਸ ਬਾਰੇ ਡਰਾਈਵਰ ਦਾ ਕਹਿਣਾ ਹੈ ਕਿ ਉਹ ਟਰਾਲੇ ਦੇ ਮਾਲਕਾਂ ਵੱਲੋਂ ਗੱਡੀ ਵਿੱਚ ਰੱਖੇ ਗਏ ਕਾਗਜ਼ਾ ਦੇ ਨਾਲ ਹੀ ਆ ਗਿਆ ਹੈ ਅਤੇ ਮਾਲਕ ਦੇ ਭਰਾ ਦਾ ਹੈ ਜਦਕਿ ਮਾਲਕਾਂ ਨਾਲ ਫੋਨ ਤੇ ਗੱਲ ਕਰਨ ਤੇ ਉਹ ਇਸ ਤੋਂ ਮੁਕਰ ਰਹੇ ਹਨ। ਉਸਨੇ ਦੱਸਿਆ ਕਿ ਮੌਕੇ ‘ਤੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਪਹੁੰਚ ਕੇ ਟਰਾਲਾ ਚਾਲਕ ਨੂੰ ਫੜ ਕੇ ਸਦਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਉੱਥੇ ਹੀ ਟਰਾਲਾ ਚਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਬਠਿੰਡਾ ਤੋਂ ਬਜਰੀ ਲੱਦ ਕੇ ਆ ਰਿਹਾ ਸੀ। ਉਸਨੇ ਮੰਨਿਆ ਕਿ ਗਲਤੀ ਨਾਲ ਉਸ ਕੋਲੋਂ ਗੱਡੀ ਨੂੰ ਪਾਸ ਕਰਦੇ ਆ ਟਰਾਲੀ ਨੂੰ ਸਾਈਡ ਵੱਜ ਗਈ ਹੈ ਅਤੇ ਇਹ ਵੀ ਮੰਨਿਆ ਕਿ ਉਸਨੇ ਉਥੇ ਨਾ ਰੁਕ ਕੇ ਦੂਜੀ ਗਲਤੀ ਕੀਤੀ ਹੈ। ਭੁੱਕੀ ਦੀ ਪੁੜੀ ਬਾਰੇ ਉਸਨੇ ਮੰਨਿਆ ਕਿ ਇਹ ਉਸ ਦੇ ਆਪਣੇ ਖਾਣ ਲਈ ਹੈ ਜਦਕਿ ਆਈ ਕਾਰਡ ਟਰਾਲੇ ਦੇ ਮਾਲਕਾਂ ਵੱਲੋਂ ਗਲਤੀ ਨਾਲ ਗੱਡੀ ਦੇ ਕਾਗਜ਼ਾਂ ਨਾਲ ਗੱਡੀ ਵਿੱਚ ਹੀ ਰਹਿ ਗਿਆ ਹੈ ਜੋ ਕਿ ਮਾਲਕ ਦੇ ਭਰਾ ਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਲੋਕ ਸਭਾ ਸੀਟ ਲਈ ਭਾਜਪਾ ਨੇ ਖਿੱਚੀ ਤਿਆਰੀ, BJP ਵੱਲੋਂ ਚੋਣ ਲੜ ਸਕਦੇ ਹਨ ਸੁਖਵਿੰਦਰ ਸਿੰਘ ਬਿੰਦਰਾ
ਉੱਥੇ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨੇ ਦੱਸਿਆ ਕਿ ਦੁਰਘਟਨਾ ਤੋਂ ਪੰਜ ਮਿੰਟ ਬਾਅਦ ਹੀ ਉਹ ਮੌਕੇ ‘ਤੇ ਪਹੁੰਚ ਗਏ ਸਨ ਅਤੇ ਟਰਾਲਾ ਚਾਲਕ ਦਾ ਪਿੱਛਾ ਕਰਕੇ ਉਸਨੂੰ ਗ੍ਰਿਫਤਾਰ ਕਰਕੇ ਸਦਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਬਾਰੇ ਅਗਲੇਰੀ ਕਾਰਵਾਈ ਥਾਣਾ ਸਦਰ ਦੀ ਪੁਲਿਸ ਵੱਲੋਂ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: