ਦੇਸ਼ ਵਿਚ ਲੋਕ ਸਭਾ ਚੋਣਾਂ ਨੇੜੇ ਹਨ। ਅਜਿਹੇ ਵਿਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਲੋਕਾਂ ਨੂੰ ਲੁਭਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੀ ਹੈ। ਕਾਂਗਰਸ ਪਾਰਟੀ ਨੇ ਅੱਜ ‘ਨਾਰੀ ਨਿਆਂ’ ਗਾਰੰਟੀ ਦਾ ਐਲਾਨ ਕੀਤਾ। ਮਹਿਲਾਵਾਂ ਲਈ 5 ਗਾਰੰਟੀਆਂ ਤਹਿਤ ਕਾਂਗਰਸ ਦੇਸ਼ ਵਿਚ ਮਹਿਲਾਵਾਂ ਲਈ ਇਕ ਨਵਾਂ ਏਜੰਡਾ ਤੈਅ ਕਰਨ ਜਾ ਰਹੀ ਹੈ। ਕਾਂਗਰਸ ਦਾ ਵਾਅਦਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਮਹਿਲਾਵਾਂ ਲਈ ਅੱਜ ਜਾਰੀ ਕੀਤੀ ਗਈ ਗਾਰੰਟੀ ਅਮਲ ਵਿਚ ਲਿਆਂਦੀ ਜਾਵੇਗੀ।
ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ‘ਨਾਰੀ ਨਿਆਂ’ ਦੀ ਗਾਰੰਟੀ ਜਾਰੀ ਕੀਤੀ। ਇਸ ਗਾਰੰਟੀ ਤਹਿਤ ਗਰੀਬ ਪਰਿਵਾਰ ਦੀ ਇਕ ਮਹਿਲਾ ਨੂੰ ਸਾਲਾਨਾ 1 ਲੱਖ ਰੁਪਏ ਦੀ ਮਦਦ ਕੀਤੀ ਜਾਵੇਗੀ। ‘ਨਾਰੀ ਨਿਆਂ’ ਗਾਰੰਟੀ ਤਹਿਤ 5 ਐਲਾਨ ਕੀਤੇ ਗਏ ਹਨ ਜਿਸ ਵਿਚ ‘ਮਹਾਲਕਸ਼ਮੀ ਗਾਰੰਟੀ, ਅੱਧੀ ਆਬਾਦੀ-ਪੂਰਾ ਹੱਕ, ਸ਼ਕਤੀ ਦਾ ਸਨਮਾਨ, ਅਧਿਕਾਰ ਮੈਤਰੀ, ਸਾਵਿਤਰੀ ਬਾਈ ਫੁਲੇ ਵਜ਼ੀਫਾ’ ਸ਼ਾਮਲ ਹੈ।
1.ਮਹਾਲਕਸ਼ਮੀ ਗਾਰੰਟੀ
ਇਸ ਗਾਰੰਟੀ ਤਹਿਤ ਗਰੀਬ ਪਰਿਵਾਰ ਦੀ ਹਰ ਇਕ ਮਹਿਲਾ ਨੂੰ ਸਾਲਾਨਾ 1 ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ।
2. ਅੱਧੀ ਆਬਾਦੀ-ਪੂਰਾ ਹੱਕ
ਇਸ ਗਾਰੰਟੀ ਤਹਿਤ ਕੇਂਦਰ ਦੀਆਂ ਨਵੀਆਂ ਨਿਯੁਕਤੀਆਂ ਵਿਚ ਮਹਿਲਾਵਾਂ ਨੂੰ 50 ਫੀਸਦੀ ਹਿੱਸੇਦਾਰੀ ਮਿਲੇਗੀ।
3. ਸ਼ਕਤੀ ਦਾ ਸਨਮਾਨ
ਇਸ ਯੋਜਨਾ ਤਹਿਤ ਆਂਗਣਵਾੜੀ, ਆਸ਼ਾ ਤੇ ਮਿਡ ਡੇ ਮਿਲ ਵਰਕਰਾਂ ਦੀ ਮਹੀਨਾਵਾਰ ਤਨਖਾਹ ਵਿਚ ਕੇਂਦਰ ਸਰਕਾਰ ਦਾ ਦੁੱਗਣਾ ਯੋਗਦਾਨ ਦੇਵੇਗੀ।
4. ਅਧਿਕਾਰ ਮੈਤਰੀ
ਇਸ ਗਾਰੰਟੀ ਤਹਿਤ ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਤੇ ਜ਼ਰੂਰੀ ਮਦਦ ਦੇਣ ਲਈ ਹਰੇਕ ਪੰਚਾਇਤ ਵਿਚ ਅਧਿਕਾਰ ਮੈਤਰੀ ਵਜੋਂ ਇਕ ਪੈਰਾ ਲੀਗਲ ਯਾਨੀ ਕਾਨੂੰਨ ਸਹਾਇਕ ਦੀ ਨਿਯੁਕਤੀ ਕੀਤੀ ਜਾਵੇਗੀ।
5. ਸਾਵਿਤਰੀ ਬਾਈ ਫੁਲੇ ਵਜ਼ੀਫਾ
ਭਾਰਤ ਸਰਕਾਰ ਦੇਸ਼ ਭਰ ਦੇ ਸਾਰੇ ਜ਼ਿਲ੍ਹਾ ਦਫਤਰਾਂ ਵਿਚ ਘੱਟੋ-ਘੱਟ ਇਕ ਕੰਮਕਾਜੀ ਮਹਿਲਾ ਹੋਸਟਲ ਬਣਾਏਗੀ। ਦੇਸ਼ ਭਰ ਵਿਚ ਇਨ੍ਹਾਂ ਵਜ਼ੀਫਿਆਂ ਨੂੰ ਦੁਗਣਾ ਕੀਤਾ ਜਾਵੇਗਾ।
ਮੱਲਿਕਾਰਜੁਨ ਖੜਗੇ ਨੇ ‘ਨਾਰੀ ਗਾਰੰਟੀ’ ਲਾਂਚ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਇਸ ਤੋਂ ਪਹਿਲਾਂ ਸਹਿਭਾਗੀ ਨਿਆਂ, ਕਿਸਾਨ ਨਿਆਂ ਤੇ ਯੁਵਾ ਨਿਆਂ ਦਾ ਵੀ ਐਲਾਨ ਕਰ ਚੁੱਕੀ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਸਾਡੀ ਗਾਰੰਟੀ ਖੋਖਲੇ ਵਾਅਦੇ ਤੇ ਬਿਆਨ ਨਹੀਂ ਹਨ। ਅਸੀਂ ਜੋ ਕਹਿੰਦੇ ਹਾਂ ਉਸ ‘ਤੇ ਕਾਇਮ ਰਹਿੰਦੇ ਹਾਂ। ਉਨ੍ਹਾਂ ਨੇ ਲੋਕਾਂ ਤੋਂ ਕਾਂਗਰਸ ਲਈ ਆਸ਼ੀਰਵਾਦ ਮੰਗਦੇ ਹੋਏ ਕਿਹਾ ਕਿ ਲੋਕਤੰਤਰ ਤੇ ਸੰਵਿਧਾਨ ਬਚਾਉਣ ਦੀ ਇਸ ਲੜਾਈ ਵਿਚ ਸਾਡਾ ਹੱਥ ਮਜ਼ਬੂਤ ਕਰੋ।