ਜਲੰਧਰ ਦੇ ਚੌਗਿਟੀ ਚੌਕ ‘ਤੇ ਫਲਾਈਓਵਰ ‘ਤੇ ਇੱਕ ਡੀਜ਼ਲ ਨਾਲ ਭਰਿਆ ਹੋਇਆ ਟੈਂਕਰ ਇੱਕ ਟਰੈਕਟਰ-ਟਰਾਲੀ ਨਾਲ ਟਕਰਾ ਕੇ ਪਲਟ ਗਿਆ। ਇਸ ਨਾਲ ਪੂਰੇ ਹਾਈਵੇ ‘ਤੇ ਤੇਲ ਹੀ ਤੇਲ ਫੈਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਭਾਰੀ ਪੁਲਸ ਫੋਰਸ ਮੌਕੇ ‘ਤੇ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਟੈਂਕਰ ‘ਚੋਂ ਤੇਲ ਲੀਕ ਹੋ ਗਿਆ ਅਤੇ ਹਾਈਵੇਅ ‘ਤੇ ਕਰੀਬ 1 ਕਿਲੋਮੀਟਰ ਤੱਕ ਫੈਲ ਗਿਆ। ਇਹ ਦੇਖ ਕੇ ਪ੍ਰਸ਼ਾਸਨ ਹੈਰਾਨ ਰਹਿ ਗਿਆ। ਕੜੀ ਮੁਸ਼ੱਕਤ ਮਗਰੋਂ ਟੈਂਕਰ ਨੂੰ ਖੜ੍ਹਾ ਕੀਤਾ ਗਿਆ ਤੇ ਟ੍ਰੈਫਿਕ ਚਾਲੂ ਕਰਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਘਟਨਾ ਵੇਲੇ ਟਰੈਕਟਰ ਟਰਾਲੀ ਆਨੰਦਪੁਰ ਸਾਹਿਬ ਤੋਂ ਹੋਲੇ ਮੁਹੱਲੇ ਨੂੰ ਜਾ ਰਹੀ ਸੀ। ਇਸੇ ਦੌਰਾਨ ਟੈਂਕਰ ਜਲੰਧਰ ਵੇਰਕਾ ਮਿਲਕ ਪਲਾਂਟ ਤੋਂ ਪੀਏਪੀ ਚੌਕ ਵੱਲ ਆ ਰਿਹਾ ਸੀ। ਟੈਂਕਰ ਵਿੱਚ 12 ਹਜ਼ਾਰ ਲੀਟਰ ਤੋਂ ਵੱਧ ਡੀਜ਼ਲ ਸੀ।
ਹਾਦਸੇ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ, ਕਿਉਂਕਿ ਇਸ ਨਾਲ ਅੱਗ ਲੱਗਣ ਦਾ ਖਤਰਾ ਸੀ। ਫਾਇਰ ਬ੍ਰਿਗੇਡ ਦੀ ਟੀਮ ਆਪਣੇ ਨਾਲ ਅੱਗ ਬੁਝਾਊ ਫੋਮ ਵੀ ਲੈ ਕੇ ਆਈ ਸੀ। ਕਰੀਬ 2 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਹਾਈਵੇਅ ਨੂੰ ਕਲੀਅਰ ਕੀਤਾ ਗਿਆ।
ਇਹ ਵੀ ਪੜ੍ਹੋ : ਕੀ ਹੋਲੀ ‘ਚ ਰੰਗੇ ਨੋਟ ਚੱਲਣਗੇ ਬਾਜ਼ਾਰ ‘ਚ? ਜਾਣ ਲਓ ਕੀ ਕਹਿੰਦਾ ਏ RBI ਦਾ ਨਿਯਮ
ਦੱਸ ਦੇਈਏ ਕਿ ਹੋਲਾ ਮੁਹੱਲਾ ਮਨਾਉਣ ਲਈ ਆਨੰਦਪੁਰ ਸਾਹਿਬ ਜਾ ਰਹੇ ਟਰੈਕਟਰ ਟਰਾਲੀ ਵਿੱਚ ਕਈ ਲੋਕ ਸਵਾਰ ਸਨ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰਿਆਂ ਨੂੰ ਤੁਰੰਤ ਰਾਹਗੀਰਾਂ ਦੀ ਮਦਦ ਨਾਲ ਬਚਾਇਆ ਗਿਆ ਅਤੇ ਮੌਕੇ ‘ਤੇ ਮੱਲ੍ਹਮ-ਪੱਟੀ ਵੀ ਕੀਤੀ ਗਈ। ਥਾਣਾ ਰਾਮਾਮੰਡੀ ਦੀ ਪੁਲਿਸ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: